ਤਰਨ ਤਾਰਨ, 20 ਨਵੰਬਰ (ਪਰਮਜੀਤ ਜੋਸ਼ੀ)-ਭਾਰਤ ਸਰਕਾਰ ਦੇ ਯੂਥ ਅਫੇਅਰਜ਼ ਅਤੇ ਖੇਡ ਮੰਤਰਾਲੇ ਵਲੋਂ ਮਾਈ ਭਾਰਤ ਦੇ ਜ਼ਰੀਏ 'ਵਿਕਸਤ ਭਾਰਤ ਪੈਦਲ ਯਾਤਰਾ (ਸਰਦਾਰ-150 ਏਕਤਾ ਮਾਰਚ) ਦਾ 22 ਨਵੰਬਰ ਨੂੰ ਤਰਨ ਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਸਲੀਨ ਕੌਰ ਡਿਪਟੀ ਡਾਇਰੈਕਟਰ ਮਾਈ ਭਾਰਤ ਤਰਨ ਤਾਰਨ ਨੇ ਦੱਸਿਆ ਕਿ ਇਹ ਪਦਯਾਤਰਾ 22 ਨਵੰਬਰ 2025 ਨੂੰ ਕਰਵਾਈ ਜਾਵੇਗੀ, ਜੋ ਯੂਥ ਹੋਸਟਲ, ਪੁਲਿਸ ਲਾਈਨ ਤੋਂ ਸ਼ੁਰੂ ਹੋਵੇਗੀ ਅਤੇ ਝਬਾਲ ਬਾਈਪਾਸ ਰਾਹੀਂ ਸਿਵਲ ਹਸਪਤਾਲ ਤਰਨ ਤਾਰਨ ਤੱਕ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਪੈਦਲ ਯਾਤਰਾ ਏਕਤਾ, ਸਦਭਾਵਨਾ ਅਤੇ ਜਨ ਭਾਗੀਦਾਰੀ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ | ਉਨ੍ਹਾਂ ਦੱਸਿਆ ਕਿ ਯੂਥ ਅਫੇਅਰਜ਼ ਅਤੇ ਖੇਡ ਮੰਤਰਾਲਾ, ਮਾਈ ਭਾਰਤ ਦੇ ਜ਼ਰੀਏ, ਵਿਕਸਿਤ ਭਾਰਤ ਪਦਯਾਤਰਾ ਕਰਵਾ ਰਿਹਾ ਹੈ ਅਤੇ ਇਹ ਰਾਸ਼ਟਰ ਪੱਧਰੀ ਪਹਿਲ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਜੇਅੰਤੀ ਨੂੰ ਸਮਰਪਿਤ ਹੈ | ਜਸਲੀਨ ਕੌਰ ਡਿਪਟੀ ਡਾਇਰੈਕਟਰ ਮਾਈ ਭਾਰਤ ਤਰਨ ਤਾਰਨ ਨੇ ਦੱਸਿਆ ਕਿ ਇਹ ਮੁਹਿੰਮ 6 ਅਕਤੂਬਰ 2025 ਨੂੰ ਕੇਂਦਰੀ ਯੂਥ ਅਫੇਅਰਜ਼ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਵਲੋਂ ਮਾਈ ਭਾਰਤ ਪਲੇਟਫਾਰਮ ਰਾਹੀਂ ਡਿਜ਼ੀਟਲ ਤੌਰ 'ਤੇ ਸ਼ੁਰੂ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਇਸ ਪਹਿਲ ਤਹਿਤ ਸਰਦਾਰ ਐਟ 150 ਏਕਤਾ ਮਾਰਚ ਦੇਸ਼ ਭਰ ਵਿਚ ਦੋ ਪੜਾਅ ਵਿਚ ਆਯੋਜਿਤ ਕੀਤੇ ਜਾਣਗੇ, ਜਿਸ ਵਿਚ ਪਹਿਲੇ ਪੜਾਅ ਤਹਿਤ ਜ਼ਿਲ੍ਹਾ ਪੱਧਰ 'ਤੇ ਪੈਦਲ ਯਾਤਰਾਵਾਂ 31 ਅਕਤੂਬਰ ਤੋਂ 25 ਨਵੰਬਰ 2025 ਤੱਕ ਹਰ ਸੰਸਦੀ ਖੇਤਰ ਦੇ ਸਾਰੇ ਜ਼ਿਲਿ੍ਹਆਂ ਵਿਚ ਕਰਵਾਈਆਂ ਜਾਣਗੀਆਂ | ਇਸ ਤੋਂ ਬਾਅਦ ਦੂਜੇ ਪੜਾਅ ਵਿਚ ਰਾਸ਼ਟਰੀ ਪੈਦਲ ਯਾਤਰਾ 26 ਨਵੰਬਰ ਤੋਂ 6 ਦਸੰਬਰ 2025 ਤੱਕ, 152 ਕਿਲੋਮੀਟਰ ਦੀ ਯਾਤਰਾ ਕਰਮਸਦ ਤੋਂ ਸਟੈਚੂ ਆਫ ਯੂਨਿਟੀ ਕੇਵੜੀਆ ਤੱਕ ਹੋਵੇਗੀ |