ਪੱਟੀ, 20 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਬੜੀ ਸ਼ਰਧਾ ਆਦਰ ਭਾਵ ਨਾਲ ਸਿਜਦਾ ਕੀਤਾ ਜਾ ਰਿਹਾ ਹੈ, ਉੱਥੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਕੈਰੋੋਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਵਿਲੱਖਣ ਸ਼ਹਾਦਤ ਨੂੰ ਸਮਰਪਿਤ ਇਕ ਧਾਰਮਿਕ ਅਤੇ ਵਿੱਦਿਅਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਸਵਾਲ ਜਵਾਬ ਮੁਕਾਬਲੇ, ਭਾਸ਼ਣ ਮੁਕਾਬਲੇ ਕਰਵਾਏ ਗਏ | ਵਿਦਵਾਨ ਅਤੇ ਖੋਜੀ ਅਧਿਆਪਕਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਿੱਖਿਆਵਾਂ ਸ਼ਹਾਦਤ ਅਤੇ ਬਾਣੀ ਨਾਲ ਸੰਬੰਧਿਤ ਖੋਜ ਪਰਚੇ ਪੜੇ ਗਏ | ਇਸ ਮੌਕੇ ਆਏ ਹੋਏ ਸਾਰੇ ਅਧਿਆਪਕਾਂ ਵਿਦਿਆਰਥੀਆਂ ਅਤੇ ਸਿੱਖ ਵਿਦਵਾਨਾਂ ਨੂੰ ਸੰਬੋਧਿਤ ਹੁੰਦਿਆਂ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਕੈਰੋਂੋ ਦੇ ਉੱਦਮੀ ਅਤੇ ਵਿਦਵਾਨ ਪਿ੍ੰਸੀਪਲ ਮੰਗਤ ਸਿੰਘ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂਾ ਦਿੱਤੀਆਂ ਹੋਈਆਂ ਸਿੱਖਿਆਵਾਂ ਉੱਪਰ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਸਮਾਗਮ ਦੇ ਅੰਤ 'ਤੇ ਸਵਾਲ ਜਵਾਬ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਡਾਇਟ ਵਲੋਂ ਸਨਮਾਨ ਚਿੰਨ ਅਤੇ ਪ੍ਰਮਾਣ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ | ਇਸਦੇ ਨਾਲ ਹੀ ਗੁਰੂ ਤੇਗ ਬਹਾਦਰ ਜੀ ਦੀਆਂ ਇਹ ਸਿੱਖਿਆਵਾਂ ਬਾਰੇ ਵਿਚਾਰ ਕਰਨ ਵਾਲੇ ਵਿਦਵਾਨ ਬੁਲਾਰਿਆਂ ਨੂੰ ਵੀ ਡਾਇਟ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਮਜੀਤ ਸਿੰਘ ਲੈਕ. ਪੰਜਾਬੀ ਅਤੇ ਰਣਜੀਤ ਸਿੰਘ ਪੰਜਾਬੀ ਮਾਸਟਰ ਨੇ ਜੱਜ ਦੀ ਭੂਮਿਕਾ ਨਿਭਾਈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਕੈਰੋਂ ਦੇ ਅਧਿਆਪਕ ਜਗਰੂਪ ਸਿੰਘ ਛੀਨਾ, ਹੈੱਡ ਮਾਸਟਰ ਗੁਰਚਰਨ ਸਿੰਘ, ਡਾ. ਇੰਦਰਪ੍ਰੀਤ ਸਿੰਘ ਧਾਮੀ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ, ਸਿੱਖ ਵਿਦਵਾਨ ਅਤੇ ਵਿਦਿਆਰਥੀ ਹਾਜ਼ਰ ਸਨ |