ਨਿਊਯਾਰਕ, 10 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਡੀਜ਼ਲ ਦੀਆਂ ਰਿਕਾਰਡ ਤੋੜ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਡੀਜ਼ਲ ਸਪਲਾਈ ਦਾ ਸਮਝੌਤਾ ਕੀਤਾ ਹੈ। ਇਸ ਤਹਿਤ ਰੂਸ ਤੋਂ ਲੱਖਾਂ ਟਨ ਡੀਜ਼ਲ ਅਮਰੀਕੀ ਅਤੇ ਕੌਮਾਂਤਰੀ ਬਾਜ਼ਾਰ ਵਿਚ ਭੇਜਿਆ ਜਾਵੇਗਾ। ਇਸ ਫ਼ੈਸਲੇ ਨਾਲ ਰੂਸ ਉਤੇ ਲੱਗੀਆਂ ਕੁਝ ਆਰਥਿਕ ਪਾਬੰਦੀਆਂ ਵਿਚ ਵੀ ਢਿੱਲ ਦਿੱਤੀ ਗਈ ਹੈ, ਜਿਸ ਦਾ ਯੂਕਰੇਨ ਸਮੇਤ ਅਮਰੀਕਾ ਦੇ ਕਈ ਸਿਆਸੀ ਆਗੂਆਂ ਨੇ ਵਿਰੋਧ ਕੀਤਾ ਹੈ।ਟ
ਰੰਪ ਨੇ ਕਿਹਾ ਕਿ ਪੁਤਿਨ ਨਾਲ ਫ਼ੋਨ ਉਤੇ ਹੋਈ ਗੱਲਬਾਤ ਤੋਂ ਬਾਅਦ ਰੂਸ ਤੁਰੰਤ 3 ਲੱਖ ਟਨ ਤੋਂ ਵੱਧ ਡੀਜ਼ਲ ਸਪਲਾਈ ਕਰਨ ਲਈ ਸਹਿਮਤ ਹੋ ਗਿਆ ਹੈ। ਨਵੰਬਰ ਵਿਚ 5 ਲੱਖ ਟਨ ਅਤੇ ਦਸੰਬਰ ਵਿਚ 10 ਲੱਖ ਟਨ ਹੋਰ ਡੀਜ਼ਲ ਭੇਜਿਆ ਜਾਵੇਗਾ। ਇਸ ਤੋਂ ਬਾਅਦ ਰਿਫਾਇਨਰੀਆਂ ਦੀ ਸਮਰੱਥਾ ਮੁਤਾਬਕ ਸਪਲਾਈ 30 ਲੱਖ ਟਨ ਤੱਕ ਵਧਾਈ ਜਾ ਸਕਦੀ ਹੈ।ਅਮਰੀਕੀ ਵਿੱਤ ਵਿਭਾਗ ਨੇ ਰੂਸੀ ਡੀਜ਼ਲ ਦੇ ਵਪਾਰ ਲਈ 7 ਅਪ੍ਰੈਲ 2027 ਤੱਕ ਆਰਜ਼ੀ ਛੋਟ ਦੇ ਦਿੱਤੀ ਹੈ। ਇਹ ਕਦਮ ਇਸ ਲਈ ਵੀ ਚਰਚਾ ਵਿਚ ਹੈ, ਕਿਉਂਕਿ ਟਰੰਪ ਨੇ ਕੁਝ ਹਫ਼ਤੇ ਪਹਿਲਾਂ ਹੀ ਰੂਸ ਦੀ ਤੇਲ ਅਤੇ ਗੈਸ ਤੋਂ ਹੋਣ ਵਾਲੀ ਕਮਾਈ ਰੋਕਣ ਲਈ ਨਵੇਂ ਕਾਨੂੰਨ ਉਤੇ ਦਸਤਖ਼ਤ ਕੀਤੇ ਸਨ।
ਉਸ ਕਾਨੂੰਨ ਤਹਿਤ ਰੂਸੀ ਤੇਲ ਅਤੇ ਗੈਸ ਦੇ ਵੱਡੇ ਖ਼ਰੀਦਦਾਰ ਦੇਸ਼ਾਂ ਉਤੇ 100 ਫ਼ੀਸਦੀ ਤੱਕ ਟੈਰਿਫ਼ ਲਗਾਉਣ ਦਾ ਅਧਿਕਾਰ ਦਿੱਤਾ ਗਿਆ ਸੀ।ਈਰਾਨ ਨਾਲ ਜੰਗ ਅਤੇ ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਅਮਰੀਕਾ ਵਿਚ ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਸਤੰਬਰ ਵਿਚ ਡੀਜ਼ਲ ਦੀ ਔਸਤ ਕੀਮਤ ਕਰੀਬ 6.53 ਡਾਲਰ ਪ੍ਰਤੀ ਗੈਲਨ ਦੇ ਰਿਕਾਰਡ ਪੱਧਰ ਉਤੇ ਪਹੁੰਚ ਗਈ ਸੀ, ਜਦਕਿ ਹੁਣ ਇਹ 6.28 ਡਾਲਰ ਦੇ ਆਸ-ਪਾਸ ਹੈ। ਇੱਕ ਸਾਲ ਪਹਿਲਾਂ ਇਹ ਕੀਮਤ ਸਿਰਫ਼ 3.68 ਡਾਲਰ ਸੀ।