ਤਰਨ ਤਾਰਨ, 20 ਨਵੰਬਰ (ਇਕਬਾਲ ਸਿੰਘ ਸੋਢੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਅਧੀਨ ਜੋਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਗੋਹਲਵੜ ਇਕਾਈ ਤੇ ਪੰਡੋਰੀ ਤਖਤਮਲ ਦੇ ਨੌਜਵਾਨਾਂ ਤੇ ਐੱਨ.ਆਰ.ਆਈ. ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਕਰਮੂਵਾਲਾ 'ਚ ਡੀਜ਼ਲ ਦੀ ਸੇਵਾ ਤੇ ਟਰੈਕਟਰ ਲੈ ਕੇ ਕਿਸਾਨ ਆਗੂਆਂ ਨੇ ਹੜ੍ਹਾਂ ਕਾਰਨ ਹੋਈਆਂ ਬਰਬਾਦ ਫਸਲਾਂ ਤੇ ਜ਼ਮੀਨਾਂ ਨੂੰ ਪੱਧਰ ਕਰਨ ਵਿਚ ਸਹਿਯੋਗ ਕੀਤਾ | ਕਿਸਾਨ ਆਗੂਆਂ ਐੱਨ.ਆਰ.ਆਈ. ਵਲੋਂ ਹੜ੍ਹ ਪੀੜਤਾਂ ਦੇ ਹੱਕ ਵਿਚ ਜੰਗੀ ਪੱਧਰ 'ਤੇ ਨਿਤਰਨ ਦੀ ਪ੍ਰਸ਼ੰਸਾ ਕੀਤੀ, ਪੰਜਾਬ ਦੀ ਜਵਾਨੀ ਇਸ ਔਖੀ ਘੜੀ ਵਿਚ ਹੜ੍ਹ ਪੀੜਤਾਂ ਦੇ ਹੱਕ ਵਿਚ ਇਤਿਹਾਸਿਕ ਰੋਲ ਨਿਭਾਅ ਰਹੀ ਹੈ | ਐੱਨ.ਆਰ.ਆਈ. ਰਣਧੀਰ ਸਿੰਘ ਨਾਟੀ ਵਾਸੀ ਹਾਂਗਕਾਂਗ ਨੌਜਵਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਮੁਲਕ ਦਾ ਢਿੱਡ ਭਰਨ ਵਾਲਾ ਸੂਬਾ ਹੈ, ਏਡੀ ਵੱਡੀ ਬਿਪਤਾ ਦੇ ਬਾਵਜੂਦ ਵੀ ਹੜ੍ਹਾਂ ਦੀ ਮਾਰ ਤੋਂ ਬਚਣ ਦਾ ਪੱਕਾ ਹੱਲ ਕੱਢਿਆ ਜਾਵੇ, ਐੱਨ.ਆਰ.ਆਈ. ਨੌਜਵਾਨਾਂ ਨੇ ਮੰਗ ਕੀਤੀ ਹੜ੍ਹਾਂ ਨੂੰ ਕੌਮੀ ਆਫਤ ਮੰਨ ਕੇ ਕੇਂਦਰ ਸਰਕਾਰ ਵੱਡੀ ਪੱਧਰ 'ਤੇ ਫੰਡ ਜਾਰੀ ਕਰੇ | ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਜਿੰਨਾਂ ਚਿਰ ਕਣਕ ਬੀਜਣ ਯੋਗ ਨਹੀਂ ਬਣ ਜਾਂਦੇ, ਉਨਾਂ ਚਿਰ ਇਸੇ ਤਰ੍ਹਾਂ ਸੇਵਾ ਨਿਰੰਤਰ ਜਾਰੀ ਰਹੇਗੀ |