ਤਰਨ ਤਾਰਨ, 20 ਨਵੰਬਰ (ਪਰਮਜੀਤ ਜੋਸ਼ੀ)-ਪੀ.ਐੈੱਮ. ਸ਼ਹੀਦ ਸੁਖਜਿੰਦਰ ਸਿੰਘ ਸਰਕਾਰੀ ਹਾਈ ਸਕੂਲ ਤਰਨ ਤਾਰਨ ਵਿਖੇ ਵਿਦਿਆਰਥੀਆਂ ਵਿਚ ਛੁਪੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਲਈ ਇਕ ਵਿਸ਼ੇਸ਼ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦੌਰਾਨ ਆਰਟ ਮੈਂਟਰ ਅਤੁਲ ਮੱਟੂ ਅਤੇ ਅਰਸ਼ਦੀਪ ਕੁਮਾਰ ਨੇ ਬੱਚਿਆਂ ਨੂੰ ਕਲਾ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਕਰਵਾਈਆਂ | ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਵਿਦਿਆਰਥੀਆਂ ਨੂੰ ਆਰਟ ਕਿੱਟਾਂ ਵੀ ਵੰਡੀਆਂ ਗਈਆਂ | ਸਕੂਲ ਦੇ ਇੰਚਾਰਜ ਪਰਮਜੀਤ ਕੌਰ ਨੇ ਆਏ ਹੋਏ ਮੈਂਟਰਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲਾ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਵਰਕਸ਼ਾਪਾਂ ਵਿਚ ਵੱਧ ਤੋਂ ਵੱਧ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਆ | ਇਸ ਮੌਕੇ ਗੁਰਪ੍ਰੀਤ ਸਿੰਘ, ਪਿ੍ਤਪਾਲ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ ਕਲਰਕ, ਗੁਰਮੀਤ ਸਿੰਘ (ਐਸ ਐਲ ਏ), ਮੈਡਮ ਜਸਪ੍ਰੀਤ, ਮੈਡਮ ਜਸਪ੍ਰੀਤ ਕੌਰ ਅਤੇ ਗੁਰਜੀਤ ਕੌਰ ਨੇ ਬੱਚਿਆਂ ਨੂੰ ਇਨ੍ਹਾਂ ਮੇਲਿਆਂ ਤੋਂ ਵੱਧ ਤੋਂ ਵੱਧ ਸਿੱਖਣ ਅਤੇ ਗਿਆਨ ਹਾਸਲ ਕਰਨ ਲਈ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕੀਤਾ | ਸਕੂਲ ਇੰਚਾਰਜ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਅਜਿਹੇ ਮੇਲੇ ਬੱਚਿਆਂ ਨੂੰ ਕਿਤਾਬੀ ਗਿਆਨ ਨੂੰ ਵਿਹਾਰਕ ਰੂਪ ਵਿਚ ਸਮਝਣ ਦਾ ਮੌਕਾ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿੱਖਣ ਪ੍ਰਕਿਰਿਆ ਹੋਰ ਦਿਲਚਸਪ ਬਣ ਜਾਂਦੀ ਹੈ | ਉਨ੍ਹਾਂ ਸਮੂਹ ਸਟਾਫ ਅਤੇ ਬੱਚਿਆਂ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ |