ਤਰਨ ਤਾਰਨ, 6 ਨਵੰਬਰ (ਇਕਬਾਲ ਸਿੰਘ ਸੋਢੀ)- ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਗੱਲਬਾਤ ਦੌਰਾਨ ਕਾਲਜ ਦੀ ਵਾਈਸ ਪਿ੍ੰਸੀਪਲ ਡਾ. ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਦਿੱਤੀ ਗਈ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੁਆਰਾ ਦਿੱਤੀ ਗਈ ਸ਼ਹਾਦਤ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ, ਸਾਨੂੰ ਉਨ੍ਹਾਂ ਦੁਆਰਾ ਦਿਖਾਏ ਰਸਤਿਆਂ 'ਤੇ ਚਲਣਾ ਚਾਹੀਦਾ ਹੈ | ਇਸ ਮੌਕੇ ਨਿਰਮਲ ਪ੍ਰਕਾਸ਼ ਸੰਸਥਾ ਦੇ ਸੁਖਰਾਜ ਸਿੰਘ ਸੰਧੂ ਇੰਜੀਨੀਅਰ ਜਤਿੰਦਰ ਸਿੰਘ ਭੈਲ ਪਹੁੰਚੇ | ਕਾਲਜ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਾਲਜ ਦੇ ਇਤਿਹਾਸ ਵਿਭਾਗ ਦੇ ਪ੍ਰੋ. ਸੁਭਾਸ਼ ਮੈਣੀ ਵਲੋਂ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ | ਇੰਜੀਨੀਅਰ ਜਤਿੰਦਰ ਸਿੰਘ ਭੈਲ ਅਤੇ ਸੁਖਰਾਜ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਪੜ੍ਹ ਅਤੇ ਉਸਨੂੰ ਜੀਵਨ 'ਚ ਮੰਨਣ ਦੀ ਪ੍ਰੇਰਨਾ ਦਿੱਤੀ | ਕਾਲਜ ਦੇ ਵਿਦਿਆਰਥੀਆਂ ਵਲੋਂ ਵੀ ਗੁਰੂ ਤੇਗ ਬਹਾਦਰ ਜੀ ਬਾਰੇ ਵਿਚਾਰ ਪੇਸ਼ ਕੀਤੇ ਗਏ | ਕਾਲਜ ਦੀ ਪੰਜਾਬੀ ਵਿਭਾਗ ਦੀ ਸਹਾਇਕ ਪ੍ਰੋ. ਰਮਨਦੀਪ ਕੌਰ ਵਲੋਂ ਸਟੇਜ ਸੰਚਾਲਨ ਕੀਤੀ ਗਈ | ਸੈਮੀਨਾਰ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਾਲਜ ਦੇ ਸਹਾਇਕ ਪ੍ਰੋ.ਸੋਨੀਆ, ਸਹਾਇਕ ਪ੍ਰੋ.ਜਸਜੀਤ ਸਿੰਘ, ਸਹਾਇਕ ਪ੍ਰੋ.ਹੀਰਾ ਸਿੰਘ, ਸਹਾਇਕ ਪ੍ਰੋ.ਸੁਰਿੰਦਰ ਕੌਰ, ਸਹਾਇਕ ਪ੍ਰੋ.ਸਿਮਰਨਜੀਤ ਕੌਰ, ਸਹਾਇਕ ਪ੍ਰੋ.ਹਰਪ੍ਰੀਤ ਸਿੰਘ ਅਤੇ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |