ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਉਲੀਕੇ ਗਏ 6 ਮੈਗਾ-ਪ੍ਰੋਜੈਕਟਾਂ ਦੇ ਰੋਡਮੈਪ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਵਲੋਂ ਨਿਵੇਸ਼ਕ ਸੰਮੇਲਨ ਕਰਕੇ ਇਨ੍ਹਾਂ 6 ਪ੍ਰਾਜੈਕਟਾਂ ਨੂੰ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਮਾਡਲ ਤਹਿਤ ਲਿਆਉਣਾ ਇਕ ਇਤਿਹਾਸਕ ਅਤੇ ਦੂਰਅੰਦੇਸ਼ੀ ਕਦਮ ਹੈ, ਜੋ ਪੰਜਾਬ ਨੂੰ ਉੱਤਰੀ ਭਾਰਤ ਦਾ 'ਟੂਰਿਜ਼ਮ ਕਿੰਗ' ਬਣਾ ਦੇਵੇਗਾ | ਜਾਣਕਾਰੀ ਦਿੰਦਿਆਂ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੈਰ-ਸਪਾਟੇ ਦੀ ਸਮਰੱਥਾ ਨੂੰ ਦਹਾਕਿਆਂ ਤੱਕ ਅਣਗੌਲਿਆਂ ਕੀਤਾ, ਜਿਸ ਕਾਰਨ ਸੂਬਾ ਆਰਥਿਕ ਤੌਰ 'ਤੇ ਪੱਛੜ ਗਿਆ | ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਫ਼ ਨੀਅਤ ਅਤੇ ਵਚਨਬੱਧਤਾ ਦਾ ਸਬੂਤ ਹੈ ਕਿ 'ਆਪ' ਸਰਕਾਰ ਨੇ ਸਿਰਫ਼ 6 ਮਹੱਤਵਪੂਰਨ ਪ੍ਰਾਜੈਕਟਾਂ ਦੀ ਪਛਾਣ ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ 100 ਫ਼ੀਸਦੀ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਇਕ ਮਜ਼ਬੂਤ ਫਰੇਮਵਰਕ ਵੀ ਤਿਆਰ ਕੀਤਾ ਹੈ | ਸੰਧੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ, ਜਿੱਥੇ ਪ੍ਰੋਜੈਕਟ ਸਿਰਫ਼ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਜਾਂਦੇ ਸਨ | 'ਆਪ' ਸਰਕਾਰ ਨੇ ਇਕ ਮੁਕਾਬਲੇਬਾਜ਼ੀ ਬੋਲੀ ਪ੍ਰਕਿਰਿਆ ਅਤੇ ਪਾਰਦਰਸ਼ੀ ਮਾਲੀਆ-ਸਾਂਝਾ ਮਾਡਲ ਅਪਣਾਇਆ ਹੈ | 'ਆਪ' ਉਮੀਦਵਾਰ ਨੇ 6 ਪ੍ਰਾਜੈਕਟਾਂ ਦੇ ਵੇਰਵੇ ਦਿੰਦਿਆਂ ਕਿਹਾ ਕਿ ਅੰਮਿ੍ਤਸਰ ਵਿਚ ਅਰਬਨ ਰੋਪ-ਵੇਅ ਪ੍ਰੋਜੈਕਟ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇਕ ਵੱਡੀ ਸੌਗਾਤ ਹੋਵੇਗਾ |