ਤਰਨ ਤਾਰਨ, 5 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਜ਼ਿਮਨੀ ਚੋਣ ਲਈ ਵਾਰਸ ਪੰਜਾਬ ਦੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਚੋਣ ਮੀਟਿੰਗ ਹੋਈ | ਜਿਸ ਵਿਚ ਲੋਕਾਂ ਦਾ ਵੱਡਾ ਇਕੱਠ ਉਮੜਿਆਂ ਅਤੇ ਉਨ੍ਹਾਂ ਵਲੋਂ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਫਤਵਾ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਭਾਈ ਮਨਦੀਪ ਸਿੰਘ ਪੰਥਕ ਉਮੀਦਵਾਰ ਹੈ, ਜੋ ਕਿ ਪੰਥ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹਨ | ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ, ਜਿਨ੍ਹਾਂ ਦੇ ਭਰਾ ਸੰਦੀਪ ਸਿੰਘ ਸੰਨੀ ਨੇ ਪੰਥ ਖਿਲਾਫ਼ ਬੋਲਣ ਵਾਲਿਆਂ ਨੂੰ ਸੋਧਾ ਲਾਇਆ, ਜਿਸ ਕਾਰਨ ਅੱਜ ਸਿੱਖ ਸੰਗਤ ਦਾ ਵੀ ਫਰਜ ਬਣਦਾ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਦੇਖਦੇ ਹੋਏ ਭਾਈ ਮਨਦੀਪ ਸਿੰਘ ਨੂੰ ਇਸ ਹਲਕੇ ਤੋਂ ਜੇਤੂ ਬਣਾਉ | ਇਸ ਮੌਕੇ ਸਾਂਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ, ਜਿਸ ਕਾਰਨ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ, ਬੇਰੁਜਗਾਰੀ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ, ਜਿਸ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਹਲਕਾ ਨਿਵਾਸੀਆਂ ਨੂੰ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ | ਮੀਟਿੰਗ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ 11 ਨਵੰਬਰ ਨੂੰ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਵੋਟਾਂ ਪਾ ਕੇ ਇਸ ਹਲਕੇ ਤੋਂ ਜੇਤੂ ਬਣਾਉਣਗੇ |