ਤਰਨ ਤਾਰਨ, 17 ਜੁਲਾਈ (ਪਰਮਜੀਤ ਜੋਸ਼ੀ)-ਰਾਜ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਜ਼ਿਲ੍ਹਾ ਤਰਨ ਤਾਰਨ ਵਿਚ ਮੌਜੂਦਾ ਖਾਲੀ ਅਸਾਮੀਆਂ ਦੀਆਂ ਪੰਚਾਇਤੀ ਜ਼ਿਮਨੀ ਚੋਣਾਂ-2025 ਮਿਤੀ 27 ਜੁਲਾਈ ਨੂੰ ਕਰਵਾਈਆਂ ਜਾ ਰਹੀਆਂ ਹਨ | ਇਹਨਾਂ ਪੰਚਾਇਤੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਤਰਨ ਤਾਰਨ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ, ਲੋਕ ਹਿੱਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਅਤੇ ਹੋਣ ਵਾਲੀਆਂ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਣ ਲਈ ਅਸਲਾ ਧਾਰਕਾਂ ਪਾਸੋਂ ਉਨ੍ਹਾਂ ਦੇ ਅਸਲੇ ਜਮ੍ਹਾਂ ਕਰਵਾਉਣਾ ਅਤਿ ਜਰੂਰੀ ਹੈ, ਤਾਂ ਜੋ ਕਿਸ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਇਸ ਸੰਬੰਧ ਵਿਚ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਰਾਹੁਲ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੀਆਂ ਜਿੰਨ੍ਹਾਂ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਮਿਤੀ 27 ਜੁਲਾਈ ਨੂੰ ਹੋਣ ਜਾ ਰਹੀਆਂ ਹਨ, ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦਾ ਲਾਇਸੰਸੀ ਹਥਿਆਰ, ਵਿਸਫੋਟਕ ਸਮੱਗਰੀ, ਮਾਰੂ ਹਥਿਆਰ ਆਦਿ, ਜਿਸ ਦੀ ਵਰਤੋਂ ਅਮਨ ਅਤੇ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ, ਨੂੰ ਨਾਲ ਲੈ ਕੇ ਜਾਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ | ਹੁਕਮਾਂ ਅਨੁਸਰ ਇਨ੍ਹਾਂ ਪੰਚਾਇਤਾਂ ਦੀ ਹਦੂਦ ਅੰਦਰ ਪੈਂਦੇ ਸਮੂਹ ਅਸਲਾ ਧਾਰਕ ਹਰ ਕਿਸਮ ਦੇ ਲਾਇਸੰਸੀ ਹਥਿਆਰਾਂ ਨੂੰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਰਜਿਸਟਰਡ ਅਸਲਾ ਡੀਲਰਾਂ ਪਾਸ ਜਮ੍ਹਾਂ ਕਰਵਾਉਣਗੇ | ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ ਸੁਰੱਖਿਆ ਗਾਰਡ, ਫੈਕਟਰੀਜ਼ ਤੇ ਸਕਿਊਰਿਟੀ ਗਾਰਡ, ਪੈਟਰੋਲ ਪੰਪ ਮਾਲਕਾਂ, ਮਨੀ ਐਕਸਚੇਂਜ ਦੇ ਮਾਲਕਾਂ ਜਵੈਲਰ ਸ਼ਾਪ ਮਾਲਕ, ਸਪੋਰਟਸ ਪਰਸਨ (ਉਹ ਜੋ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਮੈਂਬਰ ਹੋਣ ਅਤੇ ਕਿਸੇ ਈਵੈਂਟ ਵਿਚ ਭਾਗ ਲੈਣ ਜਾ ਰਹੇ ਹੋਣ, ਜਿੰਨ੍ਹਾਂ ਨੂੰ ਜੈੱਡ ਪਲੱਸ ਸਕਿਊਰਿਟੀ ਮਿਲੀ ਹੋਵੇ ਜਾਂ ਜਿੰਨ੍ਹਾਂ ਨੂੰ ਅਦਾਲਤ ਵਲੋਂ ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਹਥਿਆਰ ਜਮ੍ਹਾਂ ਕਰਵਾਉਣ ਤੋਂ ਛੋਟ ਦਿੱਤੀ ਹੋਵੇ, ਨੂੰ ਹਥਿਆਰ ਜਮ੍ਹਾਂ ਕਰਵਾਉਣ ਤੋਂ ਛੋਟ ਹੋਵੇਗੀ | ਇਹ ਹੁਕਮ ਮਿਤੀ 17 ਜੁਲਾਈ 29 ਜੁਲਾਈ 2025 ਤੱਕ ਲਾਗੂ ਰਹਿਣਗੇ |