ਤਰਨ ਤਾਰਨ, 16 ਜੁਲਾਈ (ਪਰਮਜੀਤ ਜੋਸ਼ੀ)- ਸੀ.ਆਈ.ਏ.ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਸ ਪਾਸੋਂ ਤਿੰਨ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ.ਸਟਾਫ਼ ਤਰਨ ਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਦੀਪਕ ਪਾਰੀਕ ਦੇ ਦਿਸ਼ਾ ਨਿਰਦੇਸ਼ਾ ਤਹਿਤ ਤਰਨ ਤਾਰਨ ਪੁਲਿਸ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸ਼ਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਐੱਸ.ਪੀ.(ਡੀ) ਅਜੇਰਾਜ ਸਿੰਘ, ਡੀ.ਐੱਸ.ਪੀ.(ਡੀ) ਗੁਰਇੰਦਰਪਾਲ ਸਿੰਘ ਨਾਗਰਾ ਦੀ ਨਿਗਰਾਨੀ ਹੇਠ ਉਨ੍ਹਾਂ ਵਲੋਂ ਮਾੜੇ ਅਨਸ਼ਰਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਸੀ, ਜਿਸ ਤਹਿਤ ਉਨ੍ਹਾਂ ਨੂੰ 13 ਜੁਲਾਈ ਨੂੰ ਤਕਨੀਕੀ ਇੰਟੈਲੀਜੈਂਸ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਲਵਜੀਤ ਸਿੰਘ ਉਰਫ ਲੱਬਾ ਪੁੱਤਰ ਸਤਨਾਮ ਸਿੰਘ ਵਾਸੀ ਸਭਰਾ ਜੋ ਕਿ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਲਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆ ਵਿਚ ਸਪਲਾਈ ਕਰਦਾ ਹੈ, ਜੋ ਇਸ ਸਮੇਂ ਪੱਟੀ ਵਾਲੀ ਸਾਈਡ ਤੋਂ ਸਰਹਾਲੀ ਵੱਲ ਨੂੰ ਆਪਣੀ ਗੱਡੀ ਬਲੈਰੋ ਕੈਂਪਰ ਨੰਬਰ ਪੀ.ਬੀ.07 ਏ.ਐੱਸ.8639 'ਤੇ ਸਵਾਰ ਹੋ ਕੇ ਆ ਰਿਹਾ ਹੈ ਤਾਂ ਸੀ.ਆਈ.ਏ ਸਟਾਫ ਤਰਨ ਤਾਰਨ ਨੇ ਟੀ-ਪੁਆਇੰਟ ਸਰਹਾਲੀ ਪੱਟੀ ਮੋੜ 'ਤੇ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਪੱਟੀ ਵਾਲੀ ਸਾਈਡ ਤੋਂ ਗੱਡੀ ਬਲੈਰੋ ਆਉਂਦੀ ਦਿਖਾਈ ਦਿੱਤੀ ਤਾਂ ਪੁੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ 'ਤੇ ਗੱਡੀ ਨੂੰ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਗੱਡੀ ਵਿਚ ਸਵਾਰ ਵਿਅਕਤੀ ਨੇ ਆਪਣਾ ਨਾਮ ਲਵਜੀਤ ਸਿੰਘ ਉਰਫ ਲੱਬਾ ਪੁੱਤਰ ਸਤਨਾਮ ਸਿੰਘ ਵਾਸੀ ਸਭਰਾ ਦੱਸਿਆ | ਤਲਾਸ਼ੀ ਦੌਰਾਨ ਲਵਜੀਤ ਸਿੰਘ ਉਰਫ ਲੱਬਾ ਉਸ ਪਾਸੋਂ 1 ਕੰਨਟਰੀ ਮੇਡ 32 ਬੋਰ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਕਰਕੇ ਅਸਲਾ ਐਕਟ ਤਹਿਤ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾਂ ਤਾਂ ਰਿਮਾਂਡ ਦੌਰਾਨ ਲਵਜੀਤ ਸਿੰਘ ਨੇ ਦੱਸਿਆ ਕਿ ਉਸ ਪਾਸ 2 ਹੋਰ ਨਾਜਾਇਜ਼ ਹਥਿਆਰ ਹਨ ਅਤੇ ਇਹ ਹਥਿਆਰ ਮੈਂ ਆਪਣੇ ਘਰ ਨਜ਼ਦੀਕ ਝਾੜੀਆਂ ਵਿਚ ਲੁਕਾ-ਛੁਪਾ ਕੇ ਰੱਖੇ ਹਨ | ਜਿਸ 'ਤੇ ਪੁਲਿਸ ਟੀਮ ਨੇ 2 ਹੋਰ ਕੰਟਰੀ ਮੇਡ 32 ਬੋਰ ਪਿਸਟਲ ਸਮੇਤ 2 ਮੈਗਜ਼ੀਨ ਅਤੇ 2 ਰੌਂਦ ਜ਼ਿੰਦਾ ਬਰਾਮਦ ਕੀਤੇ ਹਨ | ਲਵਜੀਤ ਸਿੰਘ ਉਕਤ ਪਾਸੋਂ ਕੁੱਲ 3 ਕੰਟਰੀ ਮੇਡ 32 ਬੋਰ ਪਿਸਟਲ ਸਮੇਤ 3 ਮੈਗਜ਼ੀਨ ਅਤੇ 2 ਰੌਂਦ ਜ਼ਿੰਦਾ ਬ੍ਰਾਮਦ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ | ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਉਕਤ ਮੁਲਜ਼ਮ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਮੱਧਿਆਂ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰਾਂ ਦੀ ਤਸ਼ਕਰੀ ਕਰਦਾ ਸੀ ਅਤੇ ਮੰਗਵਾਏ ਗਏ ਅਤੇ ਨਾਜਾਇਜ਼ ਹਥਿਆਰਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆ ਵਿਚ ਸਪਲਾਈ ਕਰਦਾ ਸੀ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |