ਹਰੀਕੇ ਪੱਤਣ, 16 ਜੁਲਾਈ (ਸੰਜੀਵ ਕੁੰਦਰਾ)- ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਵਲੋਂ ਥਾਣਾ ਭਿੱਖੀਵਿੰਡ ਦੇ ਪਿੰਡ ਚੇਲਾ ਦੇ ਮਾਮਲੇ ਨੂੰ ਲੈ ਕੇ ਕਸਬਾ ਹਰੀਕੇ ਪੱਤਣ ਨਜ਼ਦੀਕ ਰਾਸ਼ਟਰੀ ਮਾਰਗ 54 'ਤੇ ਪਿੰਡ ਜੌਣੇਕੇ ਟੀ-ਪੁਆਇੰਟ 'ਤੇ ਧਰਨਾ ਮਾਰ ਕੇ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਧਰਨੇ ਕਾਰਨ ਰਾਸ਼ਟਰੀ ਮਾਰਗ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਤੇ ਰਾਹਗੀਰ ਖੱਜਲ ਖੁਆਰ ਹੋਏ | ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 3 ਜੂਨ ਨੂੰ ਥਾਣਾ ਭਿੱਖੀਵਿੰਡ ਦੇ ਪਿੰਡ ਚੇਲਾ ਵਿਖੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਜੱਜਬੀਰ ਸਿੰਘ ਤੇ ਕੁਝ ਅਨਸਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਘਰ ਨੂੰ ਘੇਰ ਕੇ ਸੈਂਕੜੇ ਫਾਇਰ ਕੀਤੇ ਪਰ ਪੁਲਿਸ ਨੇ ਮੁਲਜਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਜਿੰਨਾ 'ਤੇ ਹਮਲਾ ਹੋਇਆ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਕੇ ਜੇਲ੍ਹ ਭੇਜ ਦਿੱਤਾ ਗਿਆ | ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਗਿਆ ਪਰ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਜਥੇਬੰਦੀ ਧਰਨਾ ਲਾਉਣ ਲਈ ਮਜ਼ਬੂਰ ਹੋਈ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੁਲਜ਼ਮ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਧਰਨਾ ਜਾਰੀ ਰਹੇਗਾ ਅਤੇ ਅਵਾਜਾਈ ਠੱਪ ਰਹੇਗੀ | ਇਸ ਮੌਕੇ ਕਿਸਾਨ ਆਗੂ ਆਤਮਾ ਸਿੰਘ ਪੰਨੂ ਅਤੇ ਭਜਨ ਸਿੰਘ ਰੂੜੀਵਾਲਾ ਨੇ ਕਿਹਾ ਭਗਵੰਤ ਮਾਨ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ, ਇੱਥੋਂ ਤੱਕ ਕਿ ਝੋਨਾ ਲਾਉਣ ਆਏ ਮਜ਼ਦੂਰਾਂ 'ਤੇ ਵੀ ਨਾਜਾਇਜ਼ ਪਰਚਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿੰਨਾ ਲੋਕਾਂ 'ਤੇ ਹਮਲਾ ਹੋਇਆ ਉਨ੍ਹਾਂ 'ਤੇ ਪੁਲਿਸ ਪ੍ਰਸ਼ਾਸਨ ਨੇ ਪਰਚਾ ਕਰ ਦਿੱਤਾ ਜਦ ਕਿ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਿਆਸੀ ਸ਼ਹਿ ਤੇ ਕੀਤਾ ਗਿਆ ਹੈ | ਉਨ੍ਹਾਂ ਹੋਰ ਕਿਹਾ ਕਿ ਜਥੇਬੰਦੀ ਵੱਲੋਂ ਇਨਸਾਫ਼ ਲੈਣ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਵੀ ਦਿੱਤੀਆਂ ਅਤੇ ਐੱਸ.ਐੱਸ.ਪੀ. ਦਫ਼ਤਰ ਅੱਗੇ ਧਰਨਾ ਵੀ ਦਿੱਤਾ ਗਿਆ ਜਿਥੇ ਪੁਲਿਸ ਅਧਿਕਾਰੀਆਂ ਵੱਲੋਂ ਜਥੇਬੰਦੀ ਨੂੰ ਮੁਲਜ਼ਮ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ |