ਹਰੀਕੇ ਪੱਤਣ, 16 ਜੁਲਾਈ (ਸੰਜੀਵ ਕੁੰਦਰਾ)-ਕਸਬਾ ਪੱਤਣ ਵਿਖੇ ਰਾਸ਼ਟਰੀ ਮਾਰਗ -54 ਪੁਰਾਣਾ ਜੋ ਕਿ ਖਸਤਾ ਹਾਲਤ ਕਾਰਨ ਪਿਛਲੇ 3 ਸਾਲਾਂ ਤੋਂ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ ਅਤੇ 3 ਸਾਲਾਂ ਤੋਂ ਲੋਕ ਨਿਰਮਾਣ ਵਿਭਾਗ ਇਸ ਦੀ ਸਾਰ ਨਹੀਂ ਲੈ ਰਿਹਾ ਤੇ ਹੁਣ ਬੀਤੀ ਰਾਤ ਹੋਈ ਤੇਜ਼ ਬਾਰਸ਼ ਦੇ ਕਾਰਨ ਇਕ ਜਗ੍ਹਾ ਹੋਰ ਸੜਕ ਵਿਚ ਪਾੜ ਪੈ ਗਿਆ ਜੋ ਕਿ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਜਿਕਰਯੋਗ ਹੈ ਕਿ ਕਸਬਾ ਪੱਤਣ ਮੱਛੀ ਮੰਡੀ ਨਜ਼ਦੀਕ ਪੁੱਲੀ ਤੇ ਬੀਤੀ ਰਾਤ ਸੜਕ ਦਾ ਹਿੱਸਾ ਤੇਜ਼ ਬਾਰਸ਼ ਦੀ ਭੇਂਟ ਚੜ੍ਹ ਗਿਆ ਅਤੇ ਸੜਕ ਦਾ ਵੱਡਾ ਹਿੱਸਾ ਟੁੱਟ ਕੇ ਡਿੱਗ ਪਿਆ, ਜਿਸ ਕਾਰਨ ਸੜਕ ਵਿਚ ਕਈ ਫੁੱਟ ਡੂੰਘਾ ਖੱਡਾ ਪੈ ਗਿਆ ਜੋ ਵੱਡੇ ਖ਼ਤਰੇ ਦਾ ਕਾਰਨ ਹੈ ਕਿਉਂਕਿ ਖੱਡਾ ਪੈਣ ਦੇ ਬਾਅਦ ਵੀ ਲੋਕ ਨਿਰਮਾਣ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਉੱਥੇ ਨਹੀਂ ਪੁੱਜਾ ਅਤੇ ਇਹ ਵੱਡਾ ਖੱਡਾ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਇਸ ਰਸਤੇ ਤੋੋਂ ਰੋਜ਼ਾਨਾ ਹਜ਼ਾਰਾਂ ਵਾਹਨ ਦਿਨ ਰਾਤ ਗੁਜ਼ਰਦੇ ਹਨ | ਸੈਂਕੜੇ ਬੱਸਾਂ ਦੀ ਇਸ ਰਸਤੇ ਤਾੋ ਆਵਾਜਾਈ ਚੱਲਦੀ ਹੈ ਤੇ ਲੋਕ ਨਿਰਮਾਣ ਵਿਭਾਗ ਦੀ ਨਲਾਇਕੀ ਕਿਸੇ ਵੇਲੇ ਵੀ ਰਾਹਗੀਰਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਸਕਦੀ ਹੈ | 3 ਸਾਲ ਪਹਿਲਾਂ ਟੁੱਟੀ ਸੜਕ ਅਜੇ ਤੱਕ ਨਹੀਂ ਬਣੀ ਤੇ ਹੁਣ ਵੇਖੋ ਇਸ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਕਦੋਂ ਹੁੰਦੀ ਹੈ |