ਅੰਮਿ੍ਤਸਰ, 2 ਦਸੰਬਰ (ਹਰਮਿੰਦਰ ਸਿੰਘ)-ਪੰਜਾਬ 'ਚ ਹੋ ਰਹੀਆਂ ਬਲਾਕ ਸੰਮਤੀ ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਟੀਮ ਵਲੋਂ ਸ਼ਹਿਰੀ ਵਿਧਾਨ ਸਭਾ ਹਲਕਿਆਂ 'ਚ ਪੈਂਦੀਆਂ ਚਾਰ ਬਲਾਕ ਸੰਮਤੀਆਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਭਾਜਪਾ ਦੇ ਜ਼ਿਲ੍ਹਾ ਪ੍ਰਘਾਨ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰੀ ਹਲਕਿਆਂ ਵਿਚ ਪੈਂਦੀਆਂ ਚਾਰ ਬਲਾਕ ਸੰਮਤੀਆਂ ਲਈ ਭਾਜਪਾ ਵਲੋਂ ਚੋਣ ਲੜਣ ਲਈ 11 ਭਾਜਪਾ ਵਰਕਰਾਂ ਵਲੋਂ ਆਪਣੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧ ਅੱਜ ਚੰਡੀਗੜ੍ਹ ਵਿਖੇ ਵਿਚਾਰ ਕਰਨ ਉਪਰੰਤ ਇਨ੍ਹਾਂ ਚਾਰੇ ਬਲਾਕ ਸੰਮਤੀਆਂ ਲਈ ਹਰ ਬਲਾਕ ਸੰਮਤੀ ਤੋਂ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ ਜਿਨ੍ਹਾਂ ਦੀ ਸੂਚੀ ਬੁੱਧਵਾਰ ਤੱਕ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਬਲਾਕ ਸੰਮਤੀਆਂ 'ਚ ਕੇਂਦਰੀ ਹਲਕੇ ਵਿਚ ਇਕ ਸੰਮਤੀ ਥਾਂਦੇ ਪੈਂਦੀ ਹੈ ਜਿਸ ਦੇ ਅਧੀਨ ਪਿੰਡ ਥਾਂਦੇ, ਮੂਲੇਚੱਕ, ਕੀਰਤਨਗੜ੍ਹ ਸ਼ਾਮਿਲ ਹਨ | ਇਸੇ ਤਰ੍ਹਾਂ ਹੀ ਉੱਤਰੀ ਹਲਕੇ ਵਿਚ ਤਿੰਨ ਸੰਮਤੀਆਂ ਪੈਂਦੀਆਂ ਹਨ | ਜਿਨ੍ਹਾਂ 'ਚ ਸੰਮਤੀ ਦਿਆਨੰਦ ਨਗਰ ਅਧੀਨ ਪਿੰਡ ਦਿਆ ਨੰਦ ਨਗਰ, ਅਬਾਦੀ ਬਾਬਾ ਦੀਪ ਸਿੰਘ ਐਵੀਨਿਊ, ਚਾਂਦ ਐਵੀਨਿਊ ਸੰਮਤੀ ਅਧੀਨ ਚਾਂਦ ਐਵੀਨਿਊ ਸੈਕਟਰ 2 , ਕਮਲਾ ਦੇਵੀ ਐਵੀਨਿਊ, ਪ੍ਰੀਤ ਨਗਰ ਅਤੇ ਨੌਸ਼ਹਿਰਾ ਬਲਾਕ ਸੰਮਤੀ ਅਧੀਨ ਨੌਸ਼ਹਿਰਾ ਖੁਰਦ, ਰਾਮ ਨਗਰ ਕਾਲੋਨੀ, ਏਕ ਰੂਪ ਐਵੀਨਿਊ, ਸਿਲਵਰ ਅਸਟੇਟ ਨਗਰ, ਆਬਾਦੀ ਰਣਜੀਤ ਵਿਹਾਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੱਛਮੀ ਵਿਧਾਨ ਸਭਾ ਹਲਕੇ ਵਿਚ 'ਚ ਵੀ ਕੁਝ ਪੰਚਾਇਤਾਂ ਪੈਂਦੀਆਂ ਹਨ ਜੋ ਅਟਾਰੀ ਬਲਾਕ ਸੰਮਤੀ ਨਾਲ ਜੁੜੀਆਂ ਹਨ | ਇਸ ਤੋਂ ਵੀ ਚਾਰ ਦਾਅਵੇਦਾਰੀਆਂ ਆਈਆਂ ਹਨ, ਜੋ ਦਿਹਾਤੀ ਇਲਾਕੇ ਦੇ ਅਧੀਨ ਆਉਂਦੀਆਂ ਹਨ |