ਅੰਮ੍ਰਿਤਸਰ, 19 ਨਵੰਬਰ (ਜਸਵੰਤ ਸਿੰਘ ਜੱਸ)-ਸਰਬੱਤ ਖ਼ਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕਾਂ 'ਚ ਸ਼ਾਮਿਲ ਰਹੇ ਪੰਥਕ ਆਗੂ ਭਾਈ ਜਰਨੈਲ ਸਿੰਘ ਸਖੀਰਾ ਨੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਬਹਾਨੇ ਪਾਕਿਸਤਾਨ ਜਾ ਕੇ ਉਥੇ ਧਰਮ ਤਬਦੀਲੀ ਕਰਕੇ ਨਿਕਾਹ ਕਰਾਉਣ ਵਾਲੀ ਭਾਰਤੀ ਔਰਤ ਦੀ ਇਸ ਹਰਕਤ ਦੀ ਕਰੜੀ ਨਿੰਦਾ ਕਰਦਿਆਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਅਪੀਲ ਕੀਤੀ ਹੈ ਕਿ ਉਹ ਧਰਮ ਬਦਲੀ ਕਰਕੇ ਵਿਆਹ ਕਰਾਉਣ ਦੇ ਮਾਮਲੇ ਸੰਬੰਧੀ ਸਖਤ ਕਾਨੂੰਨ ਬਣਾਉਣ ਤਾਂ ਕਿ ਭਵਿੱਖ ਵਿਚ ਕੋਈ ਹੋਰ ਵਿਅਕਤੀ ਜਥਿਆਂ ਦੀ ਆੜ ਵਿਚ ਅਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ। ਜਾਰੀ ਬਿਆਨ ਵਿਚ ਭਾਈ ਸਖੀਰਾ ਨੇ ਕਿਹਾ ਕਿ ਸਰਬਜੀਤ ਕੌਰ ਦੀ ਇਸ ਮਾੜੀ ਹਰਕਤ ਨੂੰ ਲੈ ਕੇ ਦੇਸ਼ ਵਿਦੇਸ਼ ਵੱਸਦੇ ਸਿੱਖਾਂ ਤੇ ਹੋਰ ਲੋਕਾਂ ਦੇ ਮਨਾਂ ਵਿਚ ਰੋਸ ਅਤੇ ਗੁੱਸੇ ਦੀ ਲਹਿਰ ਹੈ। ਉਨ੍ਹਾਂ ਮੁੱਖ ਮੰਤਰੀ ਮਰੀਅਮ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਾਮਲੇ ਨੂੰ ਲੈ ਕੇ ਕਰੜਾ ਤੇ ਸਖ਼ਤ ਕਾਨੂੰਨ ਬਣਾ ਕੇ ਇਸ ਨੂੰ ਜਲਦ ਲਾਗੂ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਦੇ ਕਿਸੇ ਵੀ ਮਹਿਲਾ ਪੁਰਸ਼ ਨੂੰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿਚ ਵਿਆਹ ਕਰਵਾਉਣ ਦਾ ਸ਼ੌਕ ਹੈ ਤਾਂ ਉਸ ਦੇ ਲਈ ਹੋਰ ਯੋਗ ਤਰੀਕੇ ਅਪਣਾਏ ਜਾਣ ਨਾ ਕਿ ਸਿੱਖ ਸ਼ਰਧਾਲੂੁਆਂ ਦੇ ਜਥਿਆਂ ਦਾ ਇਸਤੇਮਾਲ ਕੀਤਾ ਜਾਵੇ।
ਧਰਮ ਬਦਲੀ ਕਰਕੇ ਵਿਆਹ ਕਰਾਉਣ ਦੇ ਮਾਮਲੇ ਸੰਬੰਧੀ ਮਰੀਅਮ ਨਵਾਜ਼ ਸ਼ਰੀਫ਼ ਸਖ਼ਤ ਕਾਨੂੰਨ ਬਣਾਉਣ-ਭਾਈ ਸਖੀਰਾ
ਅਜੀਤ ਡੈਸਕ
20-11-2025