28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿਸ਼ਾਵਰ ਦੇ ਇਤਿਹਾਸਕ ਗੁਰਦੁਆਰਾ ਭਾਈ ਬੀਬਾ ਸਿੰਘ ਦੀਆਂ ਡਿੱਗ ਰਹੀਆਂ ਛੱਤਾਂ ਅਤੇ ਕੰਧਾਂ

ਅਜੀਤ ਡੈਸਕ 01-09-2025
ਅੰਮਿ੍ਤਸਰ, 31 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੇ ਮੁਹੱਲਾ ਜੋਗੀਵਾੜਾ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਬੀਬਾ ਸਿੰਘ ਦੇ ਦੀਵਾਨ ਹਾਲ ਦੀਆਂ ਛੱਤਾਂ ਅਤੇ ਕੰਧਾਂ ਸਮੇਤ ਅਸਥਾਨ ਨਾਲ ਸੰਬੰਧਿਤ ਬਾਕੀ ਸਮਾਰਕਾਂ ਦੇ ਢਾਂਚੇ ਲਗਾਤਾਰ ਡਿਗ ਰਹੇ ਹਨ | ਭਾਈ ਕਾਨ੍ਹ ਸਿੰਘ ਨਾਭਾ ਨੇ 'ਮਹਾਨ ਕੋਸ਼' 'ਚ ਭਾਈ ਬੀਬਾ ਸਿੰਘ ਬਾਰੇ ਲਿਖਿਆ ਹੈ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀ ਨੂੰ ਧਰਮ ਪ੍ਰਚਾਰ ਕਰਨ ਲਈ ਪਿਸ਼ਾਵਰ ਭੇਜਿਆ ਸੀ ਅਤੇ ਉਨ੍ਹਾਂ ਨੇ ਪਿਸ਼ਾਵਰ 'ਚ ਰਹਿੰਦਿਆਂ ਸਿੱਖੀ ਦੇ ਉਦੇਸ਼ਾਂ ਦਾ ਵੱਡਾ ਪ੍ਰਚਾਰ ਤੇ ਪ੍ਰਸਾਰ ਕੀਤਾ | ਮੁਹੱਲਾ ਜੋਗੀਵਾੜਾ ਦੀ ਚੱਕੀ ਗਲੀ 'ਚ ਸਥਿਤ ਗੁਰਦੁਆਰਾ ਭਾਈ ਬੀਬਾ ਸਿੰਘ ਦੇਸ਼ ਦੀ ਵੰਡ ਦੇ ਲਗਭਗ 70 ਵਰਿ੍ਹਆਂ ਤੱਕ ਬੰਦ ਰਿਹਾ ਅਤੇ ਪਾਕਿ ਸਰਕਾਰ ਵਲੋਂ ਲਗਭਗ 8 ਵਰ੍ਹੇ ਪਹਿਲਾਂ ਇਹ ਅਸਥਾਨ ਸਿੱਖ ਸੰਗਤ ਲਈ ਖੋਲਿ੍ਹਆ ਗਿਆ | ਪਿਸ਼ਾਵਰ ਤੋਂ ਸੂਬਾਈ ਅਸੈਂਬਲੀ ਮੈਂਬਰ (ਐੱਮ. ਪੀ. ਏ.) ਗੁਰਪਾਲ ਸਿੰਘ ਅਫ਼ਰੀਦੀ ਨੇ ਇਸ ਬਾਰੇ 'ਚ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਿਸ਼ਾਵਰੀ ਸਿੱਖ ਸੰਗਤ ਪਿਛਲੇ 6-7 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਸਮੇਤ ਬਾਕੀ ਸਮਾਰਕਾਂ ਦੀ ਮੁਰੰਮਤ ਅਤੇ ਸੁੰਦਰੀਕਰਨ ਕਰਵਾਏ ਜਾਣ, ਲੰਗਰ ਭਵਨ ਲਈ ਹੋਰ ਜਗ੍ਹਾ ਉਪਲਬਧ ਕਰਾਉਣ ਅਤੇ ਗੁਰਦੁਆਰਾ ਸਾਹਿਬ 'ਚ ਸਰਾਂ ਦੇ ਨਿਰਮਾਣ ਦੀ ਮੰਗ ਕਰਦੀ ਆ ਰਹੀ ਹੈ ਤਾਂ ਕਿ ਹੋਰਨਾਂ ਸ਼ਹਿਰਾਂ ਜਾਂ ਵਿਦੇਸ਼ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ ਵਾਲੀ ਸਿੱਖ ਅਤੇ ਨਾਨਕ ਨਾਮ ਲੇਵਾ ਸੰਗਤ ਲਈ ਅਸਥਾਈ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਸਕੇ | ਗੁਰਪਾਲ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਮੀਰ ਸਿੰਘ ਵਲੋਂ ਕਮੇਟੀ ਦੀ 24ਵੀਂ ਮੀਟਿੰਗ 'ਚ ਬਾਕੀ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪਿਸ਼ਾਵਰੀ ਸਿੱਖ ਸੰਗਤ ਨੂੰ ਲਿਖਤੀ ਤੌਰ 'ਤੇ ਗੁਰਦੁਆਰਾ ਸਾਹਿਬ ਦੀ ਤਾਰੀਖ਼ੀ ਇਮਾਰਤ ਦੀ ਮੁਰੰਮਤ ਦੀ ਮਨਜ਼ੂਰੀ ਦਿੱਤੀ ਸੀ ਅਤੇ ਨਾਲ ਹੀ ਇਹ ਸ਼ਰਤ ਰੱਖੀ ਸੀ ਕਿ ਉਸਾਰੀ ਲਈ ਯਾਤਰੂਆਂ ਤੋਂ ਫ਼ੰਡ ਇਕੱਠਾ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਖ਼ੈਬਰ ਪਖਤੂਨਖਵਾ ਦੇ ਸੀ. ਐਂਡ ਡਬਲਯੂ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਅਸਥਾਨ ਦੀ ਮੁਰੰਮਤ ਅਤੇ ਹੋਰ ਸਮਾਰਕਾਂ ਦੀ ਉਸਾਰੀ ਦੇ ਨਕਸ਼ੇ ਪਾਸ ਕੀਤੇ ਗਏ ਹਨ | ਇਸ ਦੇ ਬਾਵਜੂਦ ਮੌਜੂਦਾ ਪੀ. ਐੱਸ. ਜੀ. ਪੀ. ਸੀ. ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਗੁਰਦੁਆਰਾ ਸਾਹਿਬ ਦੀ ਨਵਉਸਾਰੀ 'ਚ ਅੜਚਣਾਂ ਖੜ੍ਹੀਆਂ ਕਰ ਰਹੇ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਖ਼ੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਵਲੋਂ ਆਪਣੇ ਪੱਧਰ 'ਤੇ ਗੁਰਦੁਆਰਾ ਸਾਹਿਬ ਅਤੇ ਉਸ ਨਾਲ ਸੰਬੰਧਿਤ ਸਮਾਰਕਾਂ ਦੀ ਨਵਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਕਰਾਉਣ ਲਈ ਰਜ਼ਾਮੰਦੀ ਜ਼ਾਹਿਰ ਕਰਨ ਦੇ ਬਾਵਜੂਦ ਪੀ. ਐੱਸ. ਜੀ. ਪੀ. ਸੀ. ਵਲੋਂ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ |
ਪਿਛਲੀ ਖ਼ਬਰ ਥਾਣਾ ਸੁਲਤਾਨਵਿੰਡ ਵਲੋਂ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਨੌਜਵਾਨ ਕਾਬੂ <br/> ਅਗਲੀ ਖ਼ਬਰ ਕਿਸਾਨ ਜਥੇਬੰਦੀ ਦੇ ਗੁਲਜ਼ਾਰ ਸਿੰਘ ਚਾਟੀਵਿੰਡ ਇਕਾਈ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।