ਸੁਲਤਾਨਵਿੰਡ, 31 ਅਗਸਤ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਨਸ਼ਿਆਂ ਅਤੇ ਲੁੱਟਾਂ ਖੋਹਾਂ ਖਿਲਾਫ ਕੀਤੀਆਂ ਗਈਆਂ ਸਖਤ ਹਦਾਇਤਾਂ 'ਤੇ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਇਕ ਨੌਜਵਾਨ ਨੂੰ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ | ਇਸ ਮੌਕੇ ਜਾਣਕਾਰੀ ਦੇਂਦਿਆਂ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕਮਲਜੀਤ ਸਿੰਘ ਦੀ ਅਗਵਾਈ ਹੇਠ, ਏ.ਐੱਸ. ਆਈ. ਗੁਰਮੇਜ ਸਿੰਘ ਏ.ਐੱਸ. ਆਈ ਗੁਰਿੰਦਰਜੀਤ ਸਿੰਘ, ਸਿਪਾਹੀ ਪਵਨਜੀਤ ਸਿੰਘ ਤੇ ਮਨਜਿੰਦਰ ਸਿੰਘ ਵਲੋਂ ਸੁਲਤਾਨਵਿੰਡ ਦੇ ਇਲਾਕੇ ਪੁਲ ਤਾਰਾਂ ਵਾਲਾ ਵਿਖੇ ਗਸ਼ਤ ਦੌਰਾਨ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਨੇੜੇ ਕੋਟ ਮਿੱਤ ਸਿੰਘ ਵੱਲ ਨੂੰ ਆ ਰਹੇ ਸਨ ਤਾਂ ਇੱਕ ਨੌਜਵਾਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਵਲੋਂ ਉਸ ਨੌਜਵਾਨ ਨੂੰ ਮੌਕੇ 'ਤੇ ਕਾਬੂ ਕਰ ਲਿਆ ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 9 ਗ੍ਰਾਮ 66 ਮਿਲੀ ਹੈਰੋਇਨ ਅਤੇ 500 ਰੁਪਏ ਡਰੱਗ ਮਨੀ ਬ੍ਰਾਮਦ ਹੋਈ | ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਐੱਨ. ਡੀ. ਪੀ. ਐੱਸ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅੱਜ ਇਸ ਨੌਜਵਾਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਤਰਨਪ੍ਰੀਤ ਸਿੰਘ ਤਰਨ ਪੁੱਤਰ ਜਸਕਰਨਬੀਰ ਸਿੰਘ ਵਾਸੀ ਅੱਡਾ ਨੂਰਦੀ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ |