ਅੰਮਿ੍ਤਸਰ, 31 ਅਗਸਤ (ਗਗਨਦੀਪ ਸ਼ਰਮਾ)-ਸਰੂਪ ਰਾਣੀ ਸਰਕਾਰੀ ਕਾਲਜ (ਇ.) ਵਿਖੇ ਸਰੀਰਕ ਸਿੱਖਿਆ ਵਿਭਾਗ ਵਲੋਂ 'ਹਰ ਗਲੀ, ਹਰ ਮੈਦਾਨ, ਖੇਲੇ ਸਾਰਾ ਹਿੰਦੁਸਤਾਨ' ਥੀਮ ਤਹਿਤ ਕੌਮੀ ਖੇਡ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਿਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕਈ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥਣਾਂ ਲਈ ਮੁੱਕੇਬਾਜ਼ੀ ਅਤੇ ਕਿੱਕ-ਬਾਕਸਿੰਗ ਦੇ ਮੁਕਾਬਲੇ ਖਿੱਚ ਦਾ ਮੁੱਖ ਕੇਂਦਰ ਰਹੇ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਜੋਸ਼ੀਲੇ ਪ੍ਰਤੀਯੋਗੀਆਂ ਨੇ ਹਿੱਸਾ ਲਿਆ | ਕਾਲਜ ਦੇ ਪਿ੍ੰਸੀਪਲ ਕਿਰਨਜੀਤ ਬੱਲ ਨੇ ਕਿਹਾ ਕਿ ਇਹ ਸਮਾਗਮ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ, ਜਿਨ੍ਹਾਂ ਦੀਆਂ ਲਾਮਿਸਾਲ ਪ੍ਰਾਪਤੀਆਂ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨੇ ਨਾ ਸਿਰਫ਼ ਵਿਦਿਆਰਥਣਾਂ ਦੀ ਖੇਡ ਪ੍ਰਤਿਭਾ ਅਤੇ ਦਿ੍ੜਤਾ ਨੂੰ ਦਰਸ਼ਾਇਆ, ਸਗੋਂ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਸੱਚੀ ਖੇਡ ਭਾਵਨਾ ਵਰਗੀਆਂ ਜ਼ਰੂਰੀ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕੀਤਾ | ਆਖੀਰ 'ਚ ਉਨ੍ਹਾਂ ਵਿਦਿਆਰਥੀਆਂ ਨੂੰ ਨੂੰ ਖੇਡਾਂ ਅਤੇ ਨਿਯਮਤ ਕਸਰਤ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਮਨਦੀਪ ਸਿੰਘ, ਬੋਟਨੀ ਵਿਭਾਗ ਤੋਂ ਡਾ. ਅਮਨਦੀਪ ਭੱਟੀ ਅਤੇ ਬਾਕਸਿੰਗ ਕੋਚ ਬਲਦੇਵ ਰਾਜ ਵੀ ਹਾਜ਼ਰ ਸਨ |