ਛੇਹਰਟਾ, 31 ਅਗਸਤ (ਪੱਤਰ ਪ੍ਰੇਰਕ)-ਸੀਆਈਟੀਯੂ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਦੋਸ਼ ਲਾਏ ਹਨ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਤ ਕਾਂਗਰਸ, ਭਾਜਪਾ ਸ਼੍ਰੋਮਣੀ ਅਕਾਲੀ ਦਲ ਆਦਿ ਸਿਆਸੀ ਪਾਰਟੀਆਂ ਵਲੋਂ ਹੜ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ਵਿਚ ਜਾ ਕੇ ਕੇਵਲ ਆਪਣੇ ਵਰਕਰਾਂ ਤੱਕ ਰਾਸ਼ਨ ਪਹੁੰਚਾ ਰਹੀਆਂ ਹਨ ਜਦੋਂ ਕਿ ਆਪਣੇ ਘਰਾਂ ਵਿਚ ਕੈਦ ਮਜ਼ਦੂਰ ਵਰਗ ਦੇ ਲੋਕ ਭੁੱਖੜ-ਭਾਣੇ ਦਿਨ ਕੱਟਣ ਨੂੰ ਮਜਬੂਰ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਦਿਨ-ਰਾਤ ਆਪਣੀ ਟੀਮ ਨਾਲ ਰਾਹਤ ਕਾਰਜ ਵਿਚ ਲੱਗਣ ਦੀ ਤਾਰੀਫ਼ ਕੀਤੀ ਅਤੇ ਨਾਲ ਇਹ ਅਪੀਲ ਵੀ ਕੀਤੀ ਕਿ ਰਾਸ਼ਨ-ਪਾਣੀ ਹਰੇਕ ਹੜ ਪੀੜਤ ਤੱਕ ਪੁੱਜਦਾ ਕੀਤੀ ਜਾਵੇ | ਇਸ ਮੌਕੇ ਨਰਿੰਦਰਪਾਲ ਚਮਿਆਰੀ, ਸਵਿੰਦਰ ਸਿੰਘ ਮੀਰਾਂਕੋਟ ਕਿਸਾਨ ਆਗੂ, ਐਡਵੋਕੇਟ ਕੰਵਲਜੀਤ ਕੌਰ, ਗੁਰਨਾਮ ਸਿੰਘ ਤਲਵੰਡੀ ਆਦਿ ਵੀ ਹਾਜ਼ਰ ਸਨ |