04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਰਾਹੁਲ ਗਾਂਧੀ ਦੀ ਰੈਲੀ ਦੌਰਾਨ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ, ਲਹਿਰਾਏ ਕਾਲੇ ਝੰਡੇ

ਭਵਾਨੀਗੜ੍ਹ, 4 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਫੱਗੂਵਾਲਾ ਵਿਖੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਪਹਿਲੀ ਚੋਣ ਰੈਲੀ ਮੌਕੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੀੜਤ ਪਰਿਵਾਰਾਂ ਦੀ ਜਥੇਬੰਦੀ ਦੇ ਆਗੂ ਸੁਰਜੀਤ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਵਿਧਵਾਵਾਂ, ਬਜ਼ੁਰਗਾਂ ਅਤੇ ਆਪਣੇ ...

ਅਜੀਤ ਡੈਸਕ 04-11-2026
ਇਨਸਾਫ਼ ਨਾ ਮਿਲਣ ’ਤੇ ਜਤਾਈ ਨਾਰਾਜ਼ਗੀ, ਰਾਹੁਲ ਗਾਂਧੀ ਨੂੰ ਮਿਲਣ ਦੀ ਨਹੀਂ ਮਿਲੀ ਇਜਾਜ਼ਤ
ਭਵਾਨੀਗੜ੍ਹ, 4 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਫੱਗੂਵਾਲਾ ਵਿਖੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਪਹਿਲੀ ਚੋਣ ਰੈਲੀ ਮੌਕੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੀੜਤ ਪਰਿਵਾਰਾਂ ਦੀ ਜਥੇਬੰਦੀ ਦੇ ਆਗੂ ਸੁਰਜੀਤ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਵਿਧਵਾਵਾਂ, ਬਜ਼ੁਰਗਾਂ ਅਤੇ ਆਪਣੇ ਪਰਿਵਾਰਕ ਮੈਂਬਰ ਗੁਆ ਚੁੱਕੇ ਲੋਕਾਂ ਨੇ ਕਾਲੇ ਝੰਡੇ ਅਤੇ ਕਾਲੇ ਕੱਪੜੇ ਲਹਿਰਾ ਕੇ ਕਾਂਗਰਸ ਤੇ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਨੂੰ ਕਿਸਾਨਾਂ ਅਤੇ ਸਥਾਨਕ ਪਿੰਡ ਵਾਸੀਆਂ ਨੇ ਵੀ ਸਮਰਥਨ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ 42 ਸਾਲ ਬੀਤ ਚੁੱਕੇ ਹਨ, ਪਰ ਇਸ ਦੇ ਪੀੜਤ ਪਰਿਵਾਰ ਅੱਜ ਵੀ ਪੂਰੇ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਕਾਂਗਰਸ ਦੇ ਸ਼ਾਸਨ ਦੌਰਾਨ ਵਾਪਰੇ ਇਸ ਦੁਖਾਂਤ ਦੇ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਤਾਂ ਰਾਹੁਲ ਗਾਂਧੀ ਕਿਸ ਆਧਾਰ 'ਤੇ ਇਨਸਾਫ਼ ਦੀ ਗੱਲ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ।

ਇਸ ਦੌਰਾਨ ਪੀੜਤ ਪਰਿਵਾਰ ਦੀ ਮੈਂਬਰ ਗੁਰਦੀਪ ਕੌਰ ਆਪਣੇ ਪਰਿਵਾਰ ਨਾਲ ਵਾਪਰੇ ਦੁਖਾਂਤ ਨੂੰ ਯਾਦ ਕਰਦਿਆਂ ਭਾਵੁਕ ਹੋ ਗਈ। ਉਨ੍ਹਾਂ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਆਪਣਾ ਦਰਦ ਬਿਆਨ ਕੀਤਾ। ਪ੍ਰਦਰਸ਼ਨ ਵਿਚ ਸ਼ਾਮਲ ਔਰਤਾਂ ਨੇ ਕਿਹਾ ਕਿ ਕਤਲੇਆਮ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ, ਪਰ ਦਹਾਕਿਆਂ ਬਾਅਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।

ਪ੍ਰਦਰਸ਼ਨਕਾਰੀਆਂ ਨੇ ਪਹਿਲੀ ਨਵੰਬਰ ਨੂੰ ਦਿੱਲੀ ਵਿਖੇ ਕਾਂਗਰਸ ਵਲੋਂ ਕੀਤੇ ਗਏ ਸਿਆਸੀ ਪ੍ਰਦਰਸ਼ਨ ’ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਇਹ ਦਿਨ 1984 ਦੇ ਕਤਲੇਆਮ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਅਤੇ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੀੜਤਾਂ ਦੀਆਂ ਅਪੀਲਾਂ ਦੇ ਬਾਵਜੂਦ ਇਸ ਦਿਨ ਸਿਆਸੀ ਪ੍ਰਦਰਸ਼ਨ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ।

ਪੀੜਤ ਪਰਿਵਾਰਾਂ ਅਨੁਸਾਰ ਉਹ ਰਾਹੁਲ ਗਾਂਧੀ ਨੂੰ ਮਿਲ ਕੇ ਆਪਣੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਬੱਸ ਵਿਚ ਬਿਠਾਇਆ ਅਤੇ ਮੌਕੇ ਤੋਂ ਦੂਰ ਲੈ ਗਈ। ਇਸ ਦੌਰਾਨ ਉਨ੍ਹਾਂ ਵਲੋਂ 'ਰਾਹੁਲ ਗਾਂਧੀ ਵਾਪਸ ਜਾਓ' ਦੇ ਨਾਅਰੇ ਵੀ ਲਗਾਏ ਗਏ। ਪੀੜਤ ਪਰਿਵਾਰਾਂ ਨੇ ਪੁਲਿਸ ਦੇ ਇਸ ਰਵੱਈਏ ’ਤੇ ਵੀ ਨਾਰਾਜ਼ਗੀ ਪ੍ਰਗਟਾਈ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਅਤੇ ਕਾਂਗਰਸ ਪਾਰਟੀ ਦਾ ਪੱਖ ਸਾਹਮਣੇ ਨਹੀਂ ਆ ਸਕਿਆ।

ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਦਲਜੀਤ ਸਿੰਘ ਸੋਨੀ, ਬੀਬੀ ਰਾਣੀ ਧਾਲੀਵਾਲ, ਗੁਰਦੇਵ ਕੌਰ, ਰਾਜਵਿੰਦਰ ਕੌਰ, ਹਰਦੀਪ ਕੌਰ, ਸੰਗੀਤਾ ਕੌਰ, ਮਨਜੀਤ ਕੌਰ, ਇੰਦਰਪਾਲ ਸਿੰਘ, ਸਤਨਾਮ ਸਿੰਘ, ਹਰਪਾਲ ਸਿੰਘ, ਰਵਿੰਦਰਪਾਲ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਧਰਮਿੰਦਰ ਸਿੰਘ ਅਤੇ ਮਾਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੀੜਤ ਪਰਿਵਾਰਾਂ ਦੇ ਮੈਂਬਰ ਅਤੇ ਸਮਰਥਕ ਮੌਜੂਦ ਸਨ।

 
ਪਿਛਲੀ ਖ਼ਬਰ ਪੁਲਿਸ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਲੁੱਟ-ਖੋਹ ਦੇ ਮਾਮਲਿਆਂ ’ਚ ਲੋੜੀਂਦਾ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਕੁਲਦੀਪ ਸਿੰਘ ਜੇਠੂਵਾਲ ਏ.ਐੱਸ.ਆਈ. ਵਜੋਂ ਪਦਉੱਨਤ, ਡੀ.ਐੱਸ.ਪੀ. ਮਜੀਠਾ ਨੇ ਸਟਾਰ ਲਗਾ ਕੇ ਦਿੱਤੀ ਵਧਾਈ