ਰੇਲਵੇ ਸਟੇਸ਼ਨ ਦੇ ਬੈਕਸਾਈਡ ਗੇਟ (ਗੋਲਬਾਗ) ਨੂੰ ਕੀਤਾ ਜਾ ਰਿਹਾ 'ਅੱਖੋਂ-ਪਰੋਖੇ' <br/>
ਰੇਲਵੇ ਸਟੇਸ਼ਨ ਦੇ ਬੈਕਸਾਈਡ ਗੇਟ (ਗੋਲਬਾਗ) ਦੇ ਪਖਾਨਿਆਂ 'ਚ ਫੈਲੀ ਗੰਦਗੀ ਦੇ ਵੱਖ-ਵੱਖ ਦਿ੍ਸ਼ | (ਸੱਜੇ) ਡਾਊਨ ਦਾ ਐਸਕਲੇਟੇਰ ਬੰਦ ਹੋਣ 'ਤੇ ਐਸਕੇਲੇਟਰ ਦੀਆਂ ਪੌੜ੍ਹੀਆਂ ਚੜ੍ਹਦੀ ਹੋਈ ਬਜ਼ੁਰਗ ਔਰਤ | ਤਸਵੀਰਾਂ : ਹਰਜੀਤ ਸਿੰਘ
<br/>
20-07-2025
ਜੇਕਰ ਇਸ ਮਾਡਲ ਸਟੇਸ਼ਨ ਦੇ ਬੈਕਸਾਈਡ ਗੇਟ (ਗੋਲਬਾਗ) ਦੇ ਮੌਜ਼ੂਦਾ ਹਾਲਾਤਾਂ ਬਾਰੇ ਗੱਲ ਕੀਤੀ ਜਾਵੇ ਤਾਂ ਪਖਾਨਿਆਂ ਦਾ ਠੇਕਾ ਸਮਾਪਤ ਹੋਏ ਕਈ ਦਿਨ ਬੀਤ ਚੁੱਕੇ ਹਨ, ਕੋਈ ਨਵਾਂ ਠੇਕੇਦਾਰ ਨਹੀਂ ਲੱਭਿਆ ਗਿਆ | ਨਤੀਜਨ, ਪਖਾਨਿਆਂ ਦੀ ਸਾਫ-ਸਫਾਈ ਨਹੀਂ ਹੋ ਰਹੀ, ਗੰਦਗੀ ਦੀ ਭਰਮਾਰ ਹੈ, ਬਾਵਜੂਦ ਇਸਦੇ ਸਟੇਸ਼ਨ 'ਤੇ ਆਉਂਦੇ ਲੋਕਾਂ ਵਲੋਂ ਇਨ੍ਹਾਂ ਪਖਾਨਿਆਂ ਦਾ ਇਸਤੇਮਾਲ ਲਗਾਤਾਰ ਕੀਤਾ ਜਾ ਰਿਹਾ ਹੈ, ਬਦਬੂਦਾਰ ਮਾਹੌਲ ਪੈਦਾ ਹੋਣ ਕਰਕੇ ਹਾਲ 'ਚ ਖੜ੍ਹੇ ਹੋਣਾ ਵੀ ਮੁਸ਼ਕਿਲ ਹੋ ਰਿਹਾ ਹੈ | ਇਸ ਗੇਟ ਦੇ ਬਿਲਕੁਲ ਨੇੜੇ ਲੱਗੇ ਸਕੈਨਰ ਨੂੰ ਇਥੋਂ ਹਟਾ ਕੇ ਕਟੜਾ ਸਟੇਸ਼ਨ 'ਤੇ ਲਗਾਉਣ ਬਾਰੇ ਪਤਾ ਲੱਗਿਆ ਹੈ, ਇਸ ਤੋਂ ਇਲਾਵਾ ਇਸ ਰਸਤੇ 'ਤੇ ਕੋਈ ਮੈਟਲ ਡਿਟੈਕਟਰ ਵੀ ਨਹੀਂ ਲੱਗਿਆ, ਜਿਸ ਕਰਕੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਧਰ ਕੋਈ ਖ਼ਾਸ ਇੰਤਜ਼ਾਮ ਨਹੀਂ ਹਨ | ਇੱਥੇ ਹੀ ਬਸ ਨਹੀਂ, ਇਸ ਗੇਟ 'ਤੇ ਰੇਲ ਗੱਡੀਆਂ ਦੀ ਜਾਣਕਾਰੀ ਦੇਣ ਵਾਲੀ ਐੱਲ. ਈ. ਡੀ. ਵੀ ਬੰਦ ਪਈ ਹੈ, ਇਸੇ ਪ੍ਰਕਾਰ ਯਾਤਰੀਆਂ ਦੀ ਸਹੂਲਤ ਲਈ ਲਗਾਏ ਐਸਕੇਲੇਟਰ ਅਤੇ ਲਿਫਟਾਂ ਵੀ ਅਕਸਰ ਬੰਦ ਰਹਿੰਦੀਆਂ ਹਨ | ਅੱਜ ਵੀ ਇਕ ਪਾਸੇ (ਡਾਊਨ) ਦਾ ਐਸਕੇਲੇਟਰ ਬੰਦ ਸੀ ਅਤੇ ਲੋਕ ਐਸਕੇਲੇਟਰ ਦੀਆਂ ਪੌੜੀਆਂ ਉਤਰਨ ਲਈ ਮਜਬੂਰ ਹੋ ਰਿਹੇ ਸਨ | ਇਸੇ ਪ੍ਰਕਾਰ ਲਿਫਟ ਵੀ ਕਈ-ਕਈ ਦਿਨ ਬੰਦ ਰਹਿੰਦੀ ਹੈ ਅਤੇ ਕਈ ਵਾਰ ਤਾਂ ਲੋਕ ਇਸ ਵਿਚ ਫਸ ਵੀ ਚੁੱਕੇ ਹਨ | ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਤੀਰਥ ਆਉਣ-ਜਾਣ ਲਈ ਜ਼ਿਆਦਾਤਰ ਲੋਕ ਇਸ ਰਸਤੇ ਹੀ ਰੇਲਵੇ ਸਟੇਸ਼ਨ ਆਉਂਦੇ-ਜਾਂਦੇ ਹਨ | ਟਰੈਫਿਕ ਦੀ ਸਮੱਸਿਆ ਅਤੇ ਇਨ੍ਹਾਂ ਧਾਰਮਿਕ ਸਥਾਨਾਂ ਤੋਂ ਰੇਲਵੇ ਸਟੇਸ਼ਨ ਦੀ ਦੂਰੀ ਘੱਟ ਹੋਣ ਕਾਰਨ ਆਟੋ ਰਿਕਸ਼ਾ ਤੇ ਈ-ਰਿਕਸ਼ਾ ਵਾਲੇ ਵੀ ਸਵਾਰੀਆਂ ਇੱਧਰਲੇ ਗੇਟ 'ਤੇ ਹੀ ਬਿਠਾਉਂਦੇ/ਉਤਾਰਦੇ ਹਨ |
ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ - ਸੀਨੀ. ਡੀਸੀਐੱਮ
ਫ਼ਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐੱਮ ਪਰਮਦੀਪ ਸਿੰਘ ਸੈਣੀ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਆਉਣ ਵਾਲੇ ਕਿਸੇ ਯਾਤਰੀ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੌਜੂਦਾ ਸਮੇਂ ਇਸ ਰੇਲਵੇ ਸਟੇਸ਼ਨ ਦੇ ਨਾਲ ਸੰਬੰਧਿਤ ਜੋ ਕੋਈ ਵੀ ਸਮੱਸਿਆ ਪੇਸ਼ ਆ ਰਹੀ ਹੈ, ਉਸ ਦਾ ਤੁਰੰਤ ਨਿਪਟਾਰਾ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪਖਾਨਿਆਂ ਦੀ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ, ਜਿਸਦੇ ਅਗਲੇ ਇਕ ਹਫ਼ਤੇ ਤੱਕ ਨੇਪਰੇ ਚੜ੍ਹਨ ਦੀ ਆਸ ਹੈ | ਇਸ ਤੋਂ ਇਲਾਵਾ ਉਨ੍ਹਾਂ ਗੋਲਬਾਗ ਸਾਈਡ ਰੇਲ ਗੱਡੀਆਂ ਦੀ ਜਾਣਕਾਰੀ ਦੇਣ ਲਈ ਲਗਾਈ ਐੱਲ. ਈ. ਡੀ. ਡਿਸਪਲੇ ਚਾਲੂ ਕਰਨ ਅਤੇ ਐਸਕੇਲੇਟੇਰ 24 ਘੰਟੇ 7 ਦਿਨ ਚਲਾਉਣ ਨੂੰ ਯਕੀਨੀ ਬਨਾਉਣ ਲਈ ਕਦਮ ਚੁੱਕਣ ਦਾ ਭਰੋਸਾ ਵੀ ਦਿੱਤਾ |