ਸੁਲਤਾਨਵਿੰਡ, 19 ਜੁਲਾਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ-ਜਲੰਧਰ ਹਾਈਵੇ ਰੋਡ ਸਥਿਤ ਨਿਊ ਅੰਮਿ੍ਤਸਰ ਭਾਈ ਗੁਰਦਾਸ ਜੀ ਨਗਰ ਵਿਖੇ ਇਲਾਕਾ ਵਾਸੀਆਂ ਨੂੰ ਆਏ ਦਿਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆ ਝੱਲਣੀਆਂ ਪੈ ਰਹੀਆਂ ਹਨ | ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਸੁਰਜੀਤ ਸਿੰਘ ਰਾਹੀ, ਹਰਜਿੰਦਰ ਸਿੰਘ ਬੱਗਾ, ਪਵਨ ਸ਼ਰੀਨ, ਨਰਿੰਦਰ ਸਿੰਘ ਸੋਹੀ, ਅਮਰਦੀਪ ਸਿੰਘ ਮੈਡੀਸਨ ਵਾਲੇ, ਸਤਨਾਮ ਸਿੰਘ, ਭੁਪਿੰਦਰ ਸਿੰਘ, ਦਿਨੇਸ਼ ਗੁਪਤਾ, ਮਨਮੋਹਨ ਗੁਪਤਾ, ਨਵਨੀਤ ਕੌਰ ਐੱਲ. ਓ. ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ 'ਚ ਨਿਊ ਅੰਮਿ੍ਤਸਰ ਭਾਈ ਗੁਰਦਾਸ ਜੀ ਨਗਰ ਬਹੁਤ ਤੇਜ਼ੀ ਨਾਲ ਵਿਕਸਤ ਹੋਇਆ ਜਿਸ ਦਾ ਮੁੱਖ ਕਾਰਨ ਲੋਕਾਂ ਦੀਆਂ ਨਜ਼ਰਾਂ 'ਚ ਇਸ ਇਲਾਕੇ ਦੀ ਬਹੁਤ ਵਧੀਆ ਸ਼ਵੀ ਬਣੀ ਸੀ ਜਿਸ ਨੂੰ ਲੈ ਕੇ ਲੋਕਾਂ ਇਥੇ ਆਪਣੇ ਰਿਹਾਇਸ਼ੀ ਮਕਾਨ ਬਣਾਏ ਪ੍ਰੰਤੂ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਇਸ ਇਲਾਕੇ ਦੀ ਸ਼ਵੀ ਲੋਕਾਂ ਦੀਆਂ ਨਜ਼ਰਾਂ 'ਚ ਵਧੀਆ ਸੀ ਪ੍ਰੰਤੂ ਪ੍ਰਸ਼ਾਸਨ ਦੀਆਂ ਢਿੱਲੀਆਂ ਕਾਰਗੁਜ਼ਾਰੀਆਂ ਕਰਕੇ ਇਥੋਂ ਦੇ ਵਸਨੀਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਇਲਾਕੇ 'ਚ ਆਏ ਦਿਨ ਲੋਕ ਲੁੱਟਾਂ ਖੋਹਾਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਰਕੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਜਿਸ ਦਾ ਵੱਡਾ ਕਾਰਨ ਭਾਈ ਗੁਰਦਾਸ ਜੀ ਨਗਰ ਇਲਾਕੇ ਦੀ ਚਾਰ ਦੀਵਾਰੀ ਨਾ ਹੋਣ ਕਰਕੇ ਅਣਪਛਾਤੇ ਲੋਕ ਆਪਣੀ ਮਰਜੀ ਨਾਲ ਇਲਾਕੇ ਅੰਦਰ ਦਾਖਲ ਹੋ ਕੇ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਪਿਛਲ਼ੇ ਕੁਝ ਸਮੇਂ ਪਹਿਲਾਂ ਇਲਾਕੇ 'ਚ ਲੋਕਾਂ ਦੀ ਪੁਲਿਸ ਕਮਿਸ਼ਨਰ ਸਾਹਿਬ ਨਾਲ ਵਿਸ਼ੇਸ ਮੀਟਿੰਗ ਹੋਈ ਸੀ ਜਿਸ 'ਚ ਲੋਕਾਂ ਨੇ ਪੁਲਿਸ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਸੀ ਅਤੇ ਲੋਕਾਂ ਨੂੰ ਪੁਲਿਸ ਕਮਿਸ਼ਨਰ ਸਾਹਿਬ ਵਲੋਂ ਵਿਸ਼ਵਾਸ ਦਿੱਤਾ ਸੀ ਕਿ ਜਲਦੀ ਲੋਕਾਂ ਦੀਆਂ ਮੁਸ਼ਕਿਲਾ ਦਾ ਹੱਲ ਕੀਤਾ ਜਵਾੇਗਾ ਪ੍ਰੰਤੂ ਉਹ ਮੀਟਿੰਗ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਅਤੇ ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ | ਇਸਦੇ ਨਾਲ ਇਥੇ ਗੰਦਗੀ ਦੇ ਢੇਰ ਦਿਨੋਂ ਦਿਨ ਵਧਦੇ ਜਾ ਰਹੇ ਹਨ ਜਿਸ ਕਰਕੇ ਲੋਕਾਂ ਲਈ ਕੂੜੇ ਦੀ ਬਦਬੂ ਸਿਰਦਰਦ ਬਣ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ | ਇਲਾਕੇ 'ਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਨਹੀਂ ਆ ਰਹੀਆਂ ਜਿਸ ਕਰਕੇ ਗੰਦਗੀ ਵੱਧਦੀ ਜਾ ਰਹੀ ਹੈ ਅਤੇ ਇਲਾਕੇ 'ਚ ਫੁੱਟਪਾਥਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਜਿਸ ਨਾਲ ਇਲਾਕੇ ਦੀ ਸੁੰਦਰਤਾ ਨਸ਼ਟ ਹੋ ਚੁਕੀ ਹੈ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਇਲਾਕੇ 'ਚ ਸਥਿਤ ਬੰਦ ਪਈ ਪੁਲਿਸ ਚੌਕੀ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਅਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ | ਇਸ ਦੇ ਨਾਲ ਹੀ ਗੰਦਗੀ ਦੇ ਢੇਰਾਂ ਨੂੰ ਹਟਾਇਆ ਜਾਵੇ ਅਤੇ ਇਲਾਕੇ 'ਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਲਗਾਤਾਰ ਭੇਜਿਆ ਜਾਵੇ |