ਤਰਨ ਤਾਰਨ, 19 ਜੁਲਾਈ (ਇਕਬਾਲ ਸਿੰਘ ਸੋਢੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਕੁਝ ਵਿਅਕਤੀਆਂ ਵਲੋਂ ਹਥਿਆਰਾਂ ਨਾਲ ਲੈਸ ਹੋ ਕੇ ਇਕ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਵਲਟੋਹਾ ਵਿਖੇ ਮਹਾਂਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਠੱਠੀ ਜੈਮਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ 16 ਜੁਲਾਈ ਨੂੰ ਉਹ ਆਪਣੇ ਖੇਤਾਂ ਵਿਚੋਂ ਆਪਣੇ ਘਰ ਵਾਪਸ ਜਾ ਰਿਹਾ ਸੀ ਤਾ ਜਦ ਉਹ ਅੱਡਾ ਠੱਠੀ ਜੈਮਲ ਸਿੰਘ ਪੁੱਜਾ ਤਾਂ ਸਤਨਾਮ ਸਿੰਘ ਪੁੱਤਰ ਕਰਤਾਰ ਸਿੰਘ, ਭਗਵਾਨ ਸਿੰਘ ਪੁੱਤਰ ਕਰਤਾਰ ਸਿੰਘ, ਕਰਤਾਰ ਸਿੰਘ ਪੁੱਤਰ ਗੁਰਮੁੱਖ ਸਿੰਘ, ਰਣਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀਅਨ ਠੱਠੀ ਜੈਮਲ ਸਿੰਘ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਨੇ ਆਪਣੇ-ਆਪਣੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਉਹ ਸਿਵਲ ਹਸਪਤਾਲ ਪੱਟੀ ਵਿਖੇ ਜੇਰੇ ਇਲਾਜ ਹੈ | ਜਾਂਚ ਅਧਿਕਾਰੀ ਏ.ਐੱਸ.ਆਈ.ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |