ਅੰਮਿ੍ਤਸਰ, 19 ਜੁਲਾਈ (ਜਸਵੰਤ ਸਿੰਘ ਜੱਸ)¸ਬਾਲਾ ਪ੍ਰੀਤਮ ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ੋ੍ਰਮਣੀ ਕਮੇਟੀ, ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਤੇ ਸੰਗਤਾਂ ਵਲੋਂ ਸ਼ਰਧਾ ਉਤਸ਼ਾਹ ਸਹਿਤ ਮਨਾਇਆ ਗਿਆ | ਕੁਝ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਵਿਸਫੋਟਕ ਪਦਾਰਥ ਨਾਲ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਅਤੇ ਹੁੰਮਸ ਭਰੀ ਗਰਮੀ ਦੇ ਬਾਵਜੂਦ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰੇ ਤੋਂ ਦੇਰ ਰਾਤ ਤੱਕ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਪੁੱਜੀਆਂ | ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਦੀਪਮਾਲਾ ਕੀਤੀ ਗਈ ਤੇ ਸੋਦਰਿ ਰਹਿਰਾਸ ਸਾਹਿਬ ਦੇ ਪਾਠ ਉਪ੍ਰੰਤ ਰਵਾਇਤ ਅਨੁਸਾਰ ਆਤਿਸ਼ਬਾਜ਼ੀ ਚਲਾਈ ਗਈ | ਵੱਡੀ ਗਿਣਤੀ ਵਿਚ ਦੂਰੋਂ ਨੇੜਿਉਂ ਪੁੱਜੇ ਸ਼ਰਧਾਲੂਆਂ ਨੇ ਪਰਿਕਰਮਾ ਵਿਚ ਬੈਠ ਕੇ ਦੀਪਮਾਲਾ ਦੇ ਆਤਿਸ਼ਬਾਜੀ ਦਾ ਅਨੰਦ ਮਾਣਿਆ | ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰੰਘ ਗੜਗੱਜ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੈਜਰ ਭਗਵੰਤ ਸਿੰਘ ਧੰਗੇੜਾ ਵਲੋਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਵੱਸਦੀਆਂ ਸੰਗਤਾਂ ਨੂੰ ਵਧਾਈ ਦਿੱਤੀ ਗਈ |