ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਸ੍ਰੀਮਤੀ ਜੈ ਇੰਦਰ ਕੌਰ ਨੇ ਪੰਜਾਬ ਦੇ ਮੌਜੂਦਾਂ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਵਲੋਂ ਚੁੱਪੀ ਧਾਰਨ ਅਤੇ 'ਆਪ' ਆਗੂਆਂ ਵਲੋਂ ਚੋਣ ਟਿਕਟਾਂ ਦੇ ਬਦਲੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਸਮੇਤ ਕਈ ਹੋਰ ਦੋਸ਼ ਲਗਾਏ ਹਨ | ਇਥੇ ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੈ ਇੰਦਰ ਕੌਰ ਨੇ 'ਆਪ' ਦੇ ਵਿਧਾਇਕ ਦਵਿੰਦਰ ਸਹਿਰਾਵਤ ਵਲੋਂ 2016 ਲਿਖੇ ਇਕ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 'ਆਪ' ਆਗੂਆਂ ਵਲੋਂ ਔਰਤਾਂ ਨੂੰ ਟਿਕਟ ਦੇਣ ਦਾ ਬਦਲੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ | ਜਿਸ ਦੇ ਬਾਅਦ ਵੀ ਕਥਿਤ ਤੌਰ 'ਤੇ ਪੰਜਾਬ ਵਿਚ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਪਾਰਟੀ ਨਾਲ ਜੁੜੇ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਉਪਰੋਕਤ ਦੋਸ਼ਾਂ ਤੋਂ ਇਲਾਵਾ ਭਿ੍ਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ, ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਬਾਲ ਸ਼ੋਸ਼ਣ ਅਤੇ ਪੋਰਨੋਗ੍ਰਾਡੀ ਦੇ ਦੋਸ਼ਾਂ ਤਹਿਤ ਅਮਰੀਕਾ 'ਚ ਗਿ੍ਫਤਾਰ ਕੀਤੇ ਗਏ ਗੁਰਜੀਤ ਸਿੰਘ ਮੱਲ੍ਹੀ ਬਾਰੇ ਗੱਲ ਕਰਦੇ ਹੋਏ ਕਿਹਾ ਉਸ ਦੇ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੇ ਉਸ ਦੇ ਨਾਲ ਸੰਬੰਧ ਹੋਣ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ 2027 'ਚ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ | ਪੰਜਾਬ ਦੀ ਕਾਨੂੰਨ ਵਿਵਸਥਾ 'ਚ ਸਭ ਤੋਂ ਪਹਿਲਾਂ ਸੁਧਾਰ ਕੀਤਾ ਜਾਵੇਗਾ | ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਜਨਰਲ ਸਕੱਤਰ ਸਲਿਲ ਕਪੂਰ, ਮਹਿਲਾ ਮੋਰਚਾ ਅੰਮਿ੍ਤਸਰ ਦੀ ਪ੍ਰਧਾਨ ਸ਼ਰੂਤੀ ਵਿਜ, ਕੌਂਸਲਰ ਕਿ੍ਤੀ ਅਰੋੜਾ, ਅਲਕਾ ਸ਼ਰਮਾ, ਸਤਿੰਦਰ ਕੌਰ ਮਨਚੰਦਾ, ਨੂਰੀਨ ਮਹਾਜਨ ਆਦਿ ਵੀ ਮੌਜੂਦ ਸਨ |