ਫ਼ਾਜ਼ਿਲਕਾ, 7 ਨਵੰਬਰ (ਦਵਿੰਦਰ ਪਾਲ ਸਿੰਘ)-ਭਾਰਤੀ ਹਾਕੀ ਦੇ 100 ਗੌਰਵਮਈ ਸਾਲ ਪੂਰੇ ਹੋਣ ਦੇ ਸਬੰਧ ਵਿਚ ਹਾਕੀ ਚੰਡੀਗੜ੍ਹ ਵਲੋਂ ਸੈਕਟਰ-42 ਸਥਿਤ ਹਾਕੀ ਸਟੇਡੀਅਮ ਵਿਚ ਭਾਰਤੀ ਹਾਕੀ ਸ਼ਤਾਬਦੀ ਸਮਾਰੋਹ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਇਸ ਇਤਿਹਾਸਕ ਮੌਕੇ 'ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ, ਜਦੋਂ ਕਿ ਯੂ.ਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਰੋਹ ਦੀ ਸ਼ੋਭਾ ਵਧਾਈ | ਫ਼ਾਜ਼ਿਲਕਾ ਦੇ ਪ੍ਰਸਿੱਧ ਉਦਯੋਗਪਤੀ ਪੀ.ਐੱਚ.ਡੀ.ਚੈਂਬਰ ਆਫ਼ ਕਾਮਰਸ ਦੇ ਚੇਅਰਮੈਨ ਕਰਨ ਗਿਲਹੋਤਰਾ ਜੋ ਕਿ ਚੰਡੀਗੜ੍ਹ ਹਾਕੀ ਯੂਨਿਟ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਹਾਕੀ ਭਾਰਤ ਦੀ ਸ਼ਾਨਦਾਰ ਵਿਰਾਸਤ ਹੈ ਜਿਸ ਨੇ 1925 ਵਿਚ ਰਾਸ਼ਟਰੀ ਹਾਕੀ ਸੰਸਥਾ ਦੇ ਗਠਨ ਤੋਂ ਸ਼ੁਰੂ ਹੋਈ ਇਹ ਯਾਤਰਾ ਅੱਜ 100 ਸਾਲ ਪੂਰੇ ਕਰ ਰਹੀ ਹੈ | ਇਹ ਸਾਡੇ ਲਈ ਮਾਣ ਦਾ ਪਲ ਹੈ ਕਿ ਚੰਡੀਗੜ੍ਹ ਇਸ ਇਤਿਹਾਸਕ ਸਮਾਰੋਹ ਦੀ ਮੇਜ਼ਬਾਨੀ ਕਰ ਰਿਹਾ ਹੈ | ਉਪ-ਪ੍ਰਧਾਨ ਅਨਿਲ ਵੋਹਰਾ ਨੇ ਦੱਸਿਆ ਕਿ ਇਸ ਮੌਕੇ ਤਿੰਨ ਪ੍ਰਦਰਸ਼ਨੀ ਮੈਚ ਖੇਡੇ ਗਏ ਲੜਕਿਆਂ ਦੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਵਿਚਕਾਰ ਅਤੇ ਲੜਕੀਆਂ ਦਾ ਇਕ ਵਿਸ਼ੇਸ਼ ਮੁਕਾਬਲਾ ਆਯੋਜਿਤ ਕੀਤਾ ਗਿਆ | ਸਮਾਰੋਹ ਵਿਚ ਓਲੰਪੀਅਨ ਰੁਪਿੰਦਰ ਪਾਲ ਸਿੰਘ, ਗੁਰਜੰਟ ਸਿੰਘ, ਧਰਮਵੀਰ ਸਿੰਘ ਦੇ ਨਾਲ ਭਾਰਤ ਦੀ ਮੌਜੂਦਾ ਟੀਮ ਦੇ ਖਿਡਾਰੀ ਸੰਜੇ, ਮਨਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ, ਅਤੇ ਜੂਨੀਅਰ ਟੀਮ ਦੇ ਕਪਤਾਨ ਰੋਹਿਤ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ | ਇਸ ਮੌਕੇ ਹਾਕੀ ਚੰਡੀਗੜ੍ਹ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਚੰਡੀਗੜ੍ਹ ਸਪੋਰਟਸ ਡਿਪਾਰਟਮੈਂਟ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਇਹ ਸਾਰੇ ਮਹਾਨ ਖਿਡਾਰੀ ਸਾਡੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ | ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ Tਚੰਡੀਗੜ੍ਹ ਨੇ ਭਾਰਤੀ ਹਾਕੀ ਨੂੰ ਅਨੇਕਾਂ ਓਲੰਪਿਕ ਖਿਡਾਰੀ ਦਿੱਤੇ ਹਨ | ਇੱਥੋਂ ਦੀ ਪ੍ਰਤਿਭਾ, ਸਮਰਪਣ ਅਤੇ ਖੇਡ ਭਾਵਨਾ ਸੱਚਮੁੱਚ ਪ੍ਰੇਰਣਾਦਾਇਕ ਹੈ | ਮੈਨੂੰ ਵਿਸ਼ਵਾਸ ਹੈ ਕਿ ਚੰਡੀਗੜ੍ਹ ਅੱਗੇ ਵੀ ਭਾਰਤੀ ਹਾਕੀ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦਿੰਦਾ ਰਹੇਗਾ |