ਬੱਲੂਆਣਾ, 7 ਨਵੰਬਰ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ, ਇੱਟਾਂ ਨਾਲ ਭਰੀਆਂ ਅਤੇ ਰੇਤ ਆਦਿ ਨਾਲ ਓਵਰਲੋਡ ਭਰੀਆਂ ਟਰਾਲੀਆਂ ਸ਼ਰੇਆਮ ਘੁੰਮ ਰਹੀਆਂ ਹਨ ਅਤੇ ਹਰ ਸਮੇਂ ਹਾਦਸਿਆਂ ਨੂੰ ਜਨਮ ਦਿੰਦੀਆਂ ਨਜ਼ਰ ਆਉਂਦੀਆਂ ਹਨ | ਜ਼ਿਕਰਯੋਗ ਹੈ ਕਿ ਭਾਵੇਂ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਾਧਨਾਂ 'ਚ ਸੀਮਤ ਮਾਤਰਾ ਵਿਚ ਹੀ ਭਾਰ ਦੀ ਢੋਆ ਢੁਆਈ ਕਰਨ ਪਰੰਤੂ ਇਹ ਲੋਕ ਕਾਨੂੰਨ ਨੂੰ ਛਿੱਕੇ 'ਤੇ ਟੰਗ ਤਿੰਨ-ਤਿੰਨ ਗੁਣਾ ਸਮਰੱਥਾ ਤੋਂ ਵੱਧ ਭਾਰ ਪਾ ਕੇ ਢੋਆ ਢੁਆਈ ਆਮ ਕਰਦੇ ਰਹਿੰਦੇ ਹਨ | ਬੀਤੇ ਕੱਲ੍ਹ ਪਿੰਡ ਖੁੱਬਣ ਦੇ ਬੱਸ ਅੱਡੇ 'ਤੇ ਇਕ ਪਰਾਲੀ ਦੀਆਂ ਗੱਠਾਂ ਨਾਲ ਭਰਿਆ ਟਰੈਕਟਰ ਫਸ ਗਿਆ | ਅੱਡੇ 'ਤੇ ਬਣੇ ਚੌਂਕ ਦੇ ਚਾਰੇ ਪਾਸੇ ਆਉਣ ਜਾਣ ਵਾਲੇ ਸਾਧਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਕਰੀਬ ਅੱਧੇ ਘੰਟੇ ਬਾਅਦ ਇਕ ਲੋਡਰ ਦੀ ਸਹਾਇਤਾ ਨਾਲ ਟਰੈਕਟਰ ਟਰਾਲੀ ਨੂੰ ਖੱਡੇ ਵਿਚੋਂ ਕੱਢਿਆ ਗਿਆ | ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਅਸਲ ਵਿਚ ਇਹ ਪ੍ਰਸ਼ਾਸਨ ਦੀ ਅਣਗਹਿਲੀ ਹੈ ਜੋ ਇਨ੍ਹਾਂ ਓਵਰਲੋਡ ਟਰਾਲੀਆਂ ਨੂੰ ਸੜਕਾਂ 'ਤੇ ਚੱਲਣ ਤੋਂ ਨਹੀਂ ਵਰਜਦੇ | ਇਲਾਕੇ ਦੇ ਲੋਕਾਂ ਦੀ ਮੌਕੇ ਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਇਨ੍ਹਾਂ ਓਵਰਲੋਡ ਘੁੰਮਦੀਆਂ ਟਰਾਲੀਆਂ 'ਤੇ ਪੱਕੇ ਤੌਰ 'ਤੇ ਰੋਕ ਲਗਾਈ ਜਾਵੇ |