ਫ਼ਾਜ਼ਿਲਕਾ, 7 ਨਵੰਬਰ(ਦਵਿੰਦਰ ਪਾਲ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਬੈਠਕ ਸੁੰਦਰ ਆਸ਼ਰਮ ਫ਼ਾਜ਼ਿਲਕਾ ਵਿਚ ਬਲਾਕ ਪ੍ਰਧਾਨ ਡਾ. ਜਸਵਿੰਦਰ ਸਿੰਘ ਆਲਮ ਸ਼ਾਹ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ | ਬੈਠਕ ਵਿਚ ਜ਼ਿਲ੍ਹੇ ਭਰ ਤੋਂ ਲਗਭਗ 75 ਤੋਂ 80 ਮੈਂਬਰ ਸ਼ਾਮਲ ਹੋਏ | ਬੈਠਕ ਦੌਰਾਨ ਡਾ. ਆਲਮ ਸ਼ਾਹ ਨੇ ਸਾਰੇ ਪ੍ਰੈਕਟੀਸ਼ਨਰਜ਼ ਨੂੰ ਸਾਫ਼-ਸੁਥਰੀ ਅਤੇ ਜ਼ਿੰਮੇਵਾਰ ਪ੍ਰੈਕਟਿਸ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਚਿਕਿਤਸਾ ਖੇਤਰ ਨਾਲ ਜੁੜੇ ਲੋਕਾਂ ਦੀ ਸੱਭ ਤੋਂ ਵੱਡੀ ਜ਼ਿੰਮੇਵਾਰੀ ਮਰੀਜ਼ਾਂ ਨੂੰ ਸਹੀ ਇਲਾਜ ਅਤੇ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਹੈ | ਇਸ ਮੌਕੇ ਮੌਜੂਦਾ ਸਮੇਂ ਵਿਚ ਫੈਲ ਰਹੇ ਡੇਂਗੂ ਬੁਖ਼ਾਰ ਨੂੰ ਲੈ ਕੇ ਵੀ ਚਰਚਾ ਕੀਤੀ ਗਈ | ਡਾ. ਆਲਮ ਸ਼ਾਹ ਨੇ ਸਾਰੇ ਡਾਕਟਰਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਉਪਾਵਾਂ ਅਤੇ ਸਮੇਂ 'ਤੇ ਇਲਾਜ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਅਬਰੋਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਦੇ ਮਾਹਿਰ ਡਾਕਟਰ ਕੰਵਲਜੀਤ ਅਬਰੋਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਆਪਣੇ ਹਸਪਤਾਲ ਦੀਆਂ ਸੁਵਿਧਾਵਾਂ ਅਤੇ ਨੇਤਰ-ਚਿਕਿਤਸਾ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਡਾ.ਅਬਰੋਲ ਨੇ ਕਿਹਾ ਕਿ ਸਮਾਜ ਵਿਚ ਸਿਹਤ ਜਾਗਰੂਕਤਾ ਵਧਾਉਣ ਲਈ ਸਾਰੇ ਡਾਕਟਰਾਂ ਨੂੰ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ | ਬੈਠਕ ਵਿਚ ਮੌਜੂਦ ਮੈਂਬਰਾਂ ਨੇ ਵੀ ਆਪਣੇ ਸੁਝਾਅ ਸਾਂਝੇ ਕੀਤੇ ਅਤੇ ਫ਼ੈਸਲਾ ਲਿਆ ਗਿਆ ਕਿ ਐਸੋਸੀਏਸ਼ਨ ਭਵਿੱਖ ਵਿਚ ਵੀ ਸਮੇਂ-ਸਮੇਂ 'ਤੇ ਸਿਹਤ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰੇਗੀ, ਤਾਂ ਜੋ ਲੋਕਾਂ ਵਿਚ ਰੋਗਾਂ ਪ੍ਰਤੀ ਜਾਗਰੂਕਤਾ ਅਤੇ ਬਚਾਅ ਦੀ ਸਮਝ ਵਧਾਈ ਜਾ ਸਕੇ |