ਫ਼ਾਜ਼ਿਲਕਾ, 31 ਅਗਸਤ (ਅਮਰਜੀਤ ਸ਼ਰਮਾ)-ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾਸਟਰ ਬੂਟਾ ਸਿੰਘ ਚਿਮਨੇਵਾਲਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਕੇ.ਕੇ.ਸੇਠੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੋਈ ਤਬਾਹੀ, ਜਾਨੀ ਤੇ ਮਾਲੀ ਨੁਕਸਾਨ ਦੀ ਜਲਦ ਤੋਂ ਜਲਦ ਭਰਪਾਈ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਾ.ਬੂਟਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੌਕੇ 'ਤੇ ਮੁਲਤਵੀ ਕਰਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਦਾ ਸਮਾਂ ਤਾਂ ਨਿਕਲ ਰਿਹਾ ਹੈ, ਪਰ ਮੁਲਾਜ਼ਮਾਂ 'ਚ ਸਰਕਾਰ ਪ੍ਰਤੀ ਗ਼ੁੱਸਾ ਆਏ ਦਿਨ ਵਧਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵਿਸ਼ਵਾਸਘਾਤ ਕਰਕੇ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਨੂੰ 2027 ਦੀਆਂ ਚੋਣਾਂ 'ਚ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਪੰਜਾਬ ਦੇ ਅਣਖੀ ਲੋਕ ਇਸ ਪਾਰਟੀ ਦਾ ਵਜੂਦ ਹੀ ਖ਼ਤਮ ਕਰ ਦੇਣਗੇ | ਮਾ.ਬੂਟਾ ਸਿੰਘ ਨੇ ਕਿਹਾ ਕਿ ਹਾਈ ਕੋਰਟ ਦਾ ਫ਼ੈਸਲਾ ਜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਰੁੱਧ ਆਉਂਦਾ ਹੈ ਤਾਂ ਉਸ ਨੂੰ ਜਲਦ 'ਚ ਲਾਗੂ ਕਰ ਦਿੱਤਾ ਜਾਂਦਾ ਹੈ | ਪਰ ਜੇ ਉਨ੍ਹਾਂ ਦੇ ਹੱਕ ਵਿਚ ਆਉਂਦਾ ਹੈ ਤਾਂ ਉਸ ਨੂੰ ਲਾਗੂ ਕਰਨ 'ਚ ਟਾਲ ਮਟੋਲ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ ਹੈ | ਕਿਉਂਕਿ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਨੂੰ ਮੁਲਤਵੀ ਕਰਨ ਨਾਲ ਉਨ੍ਹਾਂ ਦਾ ਸਰਕਾਰ ਪ੍ਰਤੀ ਭਰੋਸਾ ਬਿਲਕੁਲ ਖ਼ਤਮ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਹਾਈਕੋਰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ 'ਚ ਮਹਿੰਗਾਈ ਭੱਤਾ ਤੇ 2.59 ਗੁਣਾਂਕ ਦੇਣ ਸਬੰਧੀ ਜੋ ਫ਼ੈਸਲਾ ਆਇਆ ਹੈ, ਉਸ ਨੂੰ ਜਲਦ ਤੋਂ ਜਲਦ ਤੇ ਇੰਨ ਬਿੰਨ ਲਾਗੂ ਕੀਤਾ ਜਾਵੇ | ਇਸ ਮੌਕੇ ਮੁੱਖ ਸਕੱਤਰ ਟਹਿਲ ਸਿੰਘ, ਸਹਿ ਸਕੱਤਰ ਨਾਇਬ ਸਿੰਘ, ਵਿੱਤ ਸਕੱਤਰ ਹਰਬੰਸ ਲਾਲ ਕਟਾਰੀਆ, ਜਗਦੀਸ਼ ਚੰਦਰ ਕਟਾਰੀਆ, ਸ੍ਰੀਮਤੀ ਆਸ਼ਾ ਨਾਗਪਾਲ, ਸੁਖਮੰਦਰ ਸਿੰਘ, ਰਾਜਪਾਲ ਗੁੰਬਰ, ਈਸ਼ਰ ਦਾਸ, ਜੈ ਚੰਦ, ਸਤਨਾਮ ਚੰਦ ਆਦਿ ਹਾਜ਼ਰ ਸਨ | ਮੀਟਿੰਗ 'ਚ ਐਸੋਸੀਏਸ਼ਨ ਵਲੋਂ ਵਿੱਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ |