25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸੁਸ਼ੀਲ ਸਿਆਗ ਨੇ ਪੰਜਾਬ ਸਰਕਾਰ ਤੋਂ ਪਿੰਡਾਂ ਦੀ ਸਹਿਕਾਰੀ ਸਭਾਵਾਂ ਦੇ ਖੁੱਲ੍ਹਣ ਦਾ ਸਮਾਂ ਬਦਲਣ ਦੀ ਕੀਤੀ ਮੰਗ

ਅਜੀਤ ਡੈਸਕ 22-07-2025
ਅਬੋਹਰ, 21 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ/ਸੁਖਜੀਤ ਸਿੰਘ ਬਰਾੜ)-ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਢੀਂਗਾਵਾਲੀ ਦੇ ਵਸਨੀਕ ਤੇ ਭਾਜਪਾ ਆਗੂ ਸੁਸ਼ੀਲ ਸਿਆਗ ਨੇ ਪੰਜਾਬ ਸਰਕਾਰ ਤੋਂ ਪਿੰਡਾਂ 'ਚ ਸਥਿਤ ਬੀਜ, ਖਾਦ ਤੇ ਕੀਟਨਾਸ਼ਕ ਸਹਿਕਾਰੀ ਸਭਾਵਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਬਦਲ ਕੇ ਸਵੇਰੇ 8 ਵਜੇ ਕਰਨ ਦੀ ਮੰਗ ਕੀਤੀ ਹੈ | ਸਿਆਗ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਕਿਸਾਨਾਂ ਲਈ ਇੱਕ ਬਹੁਤ ਮਹੱਤਵਪੂਰਨ ਸਹਿਕਾਰੀ ਸੰਸਥਾ ਹਨ, ਜਿਸ ਨਾਲ ਕਿਸਾਨਾਂ ਦਾ ਅਕਸਰ ਰਾਬਤਾ ਰਹਿੰਦਾ ਹੈ ਪਰ ਕਿਸਾਨਾਂ ਲਈ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਸ ਸਮੇਂ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ 'ਚ ਪੰਜਾਬ ਸਰਕਾਰ ਸਹਿਕਾਰੀ ਸਭਾਵਾਂ ਦੇ ਕੰਮ ਕਰਨ ਦੇ ਢੰਗ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ ਤੇ ਨਾ ਹੀ ਕਿਸੇ ਸੀਨੀਅਰ ਅਧਿਕਾਰੀ ਨੇ ਕਦੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਸੁਸਾਇਟੀਆਂ 'ਚ ਆਮ ਕਿਸਾਨਾਂ ਨੂੰ ਕਿਵੇਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਸੁਸ਼ੀਲ ਸਿਆਗ ਨੇ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਹਿਕਾਰਤਾ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਤੇ ਸਹਿਕਾਰੀ ਰਜਿਸਟਰਾਰ ਸਹਿਕਾਰੀ ਸਭਾਵਾਂ ਅਬੋਹਰ ਤੋਂ ਮੰਗ ਕੀਤੀ ਕਿ ਜਦੋਂ ਖਾਦਾਂ ਦੀ ਸਪਲਾਈ ਪਿਛਲੇ ਕਈ ਸਾਲਾਂ ਤੋਂ ਮੰਗ ਅਨੁਸਾਰ ਨਹੀਂ ਹੋ ਰਹੀ ਹੈ ਤਾਂ ਅਜਿਹੀ ਸਥਿਤੀ ਵਿਚ ਕਿਸਾਨਾਂ ਨੂੰ ਰੋਜ਼ਾਨਾ ਸਹਿਕਾਰੀ ਸਭਾਵਾਂ ਵਿਚ ਜਾਣਾ ਪੈਂਦਾ ਹੈ ਅਤੇ ਧੁੱਪ, ਮੀਂਹ, ਗਰਮੀ ਤੇ ਠੰਡ ਵਿਚ ਖਾਦ ਲੈਣ ਲਈ ਸਹਿਕਾਰੀ ਸਭਾਵਾਂ ਵਿਚ ਕਈ ਘੰਟੇ ਉਡੀਕ ਕਰਨੀ ਪੈਂਦੀ ਹੈ | ਕਿਸਾਨ ਸਵੇਰੇ 7 ਵਜੇ ਸੁਸਾਇਟੀਆਂ 'ਚ ਪਹੁੰਚਣਾ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਉਹ ਜਲਦੀ ਖਾਦ ਲੈ ਕੇ ਆਪਣੇ ਖੇਤਾਂ ਵਿਚ ਜਾ ਸਕਣ ਪਰ ਸੁਸਾਇਟੀਆਂ ਦੇ ਖੁੱਲ੍ਹਣ ਦਾ ਸਮਾਂ 10 ਵਜੇ ਹੁੰਦਾ ਹੈ ਤੇ ਸੁਸਾਇਟੀਆਂ ਦੇ ਕਰਮਚਾਰੀ ਲਗਭਗ 11 ਵਜੇ ਖਾਦ ਵੰਡਣਾ ਸ਼ੁਰੂ ਕਰਦੇ ਹਨ, ਤਦ ਤੱਕ ਸੁਸਾਇਟੀਆਂ 'ਚ ਕਿਸਾਨਾਂ ਦਾ ਇਕੱਠ ਹੋਣ ਲੱਗ ਪੈਂਦਾ ਹੈ, ਜਿਸ ਕਾਰਨ ਲਗਭਗ ਛੋਟੇ ਕਿਸਾਨ, ਜ਼ਮੀਨ ਦੇ ਠੇਕੇਦਾਰ ਤੇ ਮਜ਼ਦੂਰ ਪ੍ਰਭਾਵਿਤ ਹੁੰਦੇ ਹਨ | ਉਨ੍ਹਾਂ ਦਾ ਅੱਧਾ ਦਿਨ ਖਾਦ ਖ਼ਰੀਦਣ ਵਿਚ ਹੀ ਬੀਤ ਜਾਂਦਾ ਹੈ ਤੇ ਖਾਦ ਦੀ ਉਡੀਕ 'ਚ ਪਾਣੀ ਦੀ ਵਾਰੀ ਵੀ ਰੁਲ ਜਾਂਦੀ ਹੈ | ਸਿਆਗ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸੁਸਾਇਟੀਆਂ ਖੋਲ੍ਹਣ ਦਾ ਸਮਾਂ ਸਵੇਰੇ 8 ਵਜੇ ਕੀਤਾ ਜਾਵੇ ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ |
ਪਿਛਲੀ ਖ਼ਬਰ ਮਰੀਜ਼ ਦੀ ਪਰਚੀ ਸੁੱਟਣ 'ਤੇ ਮਾਮਲਾ ਗਰਮਾਇਆ ਪੀੜਤ ਨੇ ਵੱਖ-ਵੱਖ ਥਾਵਾਂ 'ਤੇ ਡਾਕਟਰ ਖ਼ਿਲਾਫ਼ ਕੀਤੀ ਸ਼ਿਕਾਇਤ ਅਗਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਜ਼ੋਨਲ ਟੂਰਨਾਮੈਂਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।