ਮੰਡੀ ਅਰਨੀਵਾਲਾ,19 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਜਾਮਣ ਦੇ ਫਲ ਨੂੰ ਬੜਾ ਗੁਣਕਾਰੀ ਮੰਨਿਆ ਜਾਂਦਾ ਹੈ | ਇਹ ਫਲ ਦਵਾਈਆਂ ਦੇ ਵਿਚ ਵੀ ਜਿੱਥੇ ਇਸਤੇਮਾਲ ਕੀਤਾ ਜਾਂਦਾ ਹੈ ਉੱਥੇ ਹੀ ਬਲੱਡ ਪ੍ਰੈਸ਼ਰ, ਕੈਂਸਰ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਰਾਮ ਬਾਣ ਸਮਝਿਆ ਜਾਂਦਾ ਹੈ | ਫ਼ਾਜ਼ਿਲਕਾ ਜ਼ਿਲੇ੍ਹ ਦੇ ਜਾਮਣ ਦੀ ਪਹਿਚਾਣ ਪੂਰੇ ਦੇਸ਼ ਵਿਚ ਹੈ | ਦਿੱਲੀ ਦੀ ਆਜਾਦਪੁਰ ਮੰਡੀ ਵਿਚ ਵਪਾਰੀਆਂ ਵਲੋਂ ਸਭ ਤੋਂ ਪਹਿਲਾਂ ਇਸ ਨੂੰ ਪਸੰਦ ਕੀਤਾ ਜਾਂਦਾ ਹੈ | ਇਸ ਜਾਮਣ ਕਰਕੇ ਕਿਸਾਨਾਂ ਦੀ ਆਮਦਨ ਵਿਚ ਬਹੁਤ ਵੱਡਾ ਵਾਧਾ ਹੋ ਰਿਹਾ ਹੈ ਅਤੇ ਆਮ ਲੋਕਾਂ ਨੂੰ ਵੀ ਰੁਜ਼ਗਾਰ ਮਿਲਿਆ ਹੋਇਆ ਹੈ ਇੱਥੋਂ ਤੱਕ ਕਿ ਮਜ਼ਦੂਰ ਵਰਗ ਵੀ ਇਸ ਵੇਲੇ 1000 ਤੋਂ 1500 ਰੁਪਏ ਪ੍ਰਤੀ ਦਿਹਾੜੀ ਕਮਾਈ ਕਰ ਰਿਹਾ ਹੈ | ਹਾਲਾਂਕਿ ਇਸ ਫਲ ਦਾ ਸੀਜ਼ਨ ਸਿਰਫ਼ ਇਕ ਮਹੀਨਾ ਤੱਕ ਹੀ ਰਹਿੰਦਾ ਹੈ | ਬਾਰਸ਼ ਨੂੰ ਇਸ ਫਲ ਲਈ ਵਰਦਾਨ ਮੰਨਿਆ ਜਾਂਦਾ ਹੈ ਜਿਉਂ ਹੀ ਬਾਰਸ਼ ਪੈਂਦੀ ਹੈ ਤੈ ਫਲ ਤਿਆਰ ਹੋ ਜਾਂਦਾ ਹੈ ਪਰ ਜੇਕਰ ਜ਼ਿਆਦਾ ਬਾਰਸ਼ ਹੋ ਜਾਵੇ ਤਾਂ ਇਹ ਫਲ ਖ਼ਰਾਬ ਵੀ ਜਾਂਦਾ ਹੈ | ਅਰਨੀਵਾਲਾ ਇਲਾਕਾ ਇਸ ਫਲ ਦੀ ਹੱਬ ਬਣ ਗਿਆ ਹੈ | ਕਿਸਾਨਾਂ ਦੀ ਆਮਦਨ ਨੂੰ ਇਸ ਫਲ ਨੇ ਸੁਧਾਰਿਆ ਹੈ | ਪਹਿਲਾਂ ਜਿਨ੍ਹਾਂ ਪਿੰਡਾਂ ਵਿਚ ਸੇਮ ਕਰਕੇ ਫ਼ਸਲਾਂ ਨਹੀਂ ਸੀ ਹੋਈਆਂ ਹੁਣ ਉੱਥੇ ਕਿਸਾਨਾਂ ਨੇ ਜਾਮਣ ਦੀ ਕਾਸ਼ਤ ਕਰਕੇ ਲੱਖਾਂ ਰੁਪਏ ਕਮਾ ਲਏ ਹਨ | ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ, ਟਰਾਂਸਪੋਰਟਰਾਂ ਅਤੇ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਮਿਲ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਜੇਕਰ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਇਸ ਦੀ ਖ਼ਰੀਦ ਲਈ ਮੰਡੀ ਸਥਾਪਿਤ ਕੀਤੀ ਜਾਵੇ ਤਾਂ ਇਸ ਦੇ ਭਾਅ ਵਿਚ ਹੋਰ ਵੀ ਤੇਜ਼ੀ ਆ ਸਕਦੀ ਹੈ ਅਤੇ ਵਪਾਰੀ ਇੱਥੋਂ ਸਿੱਧਾ ਖ਼ਰੀਦ ਕੇ ਦੂਜੇ ਸੂਬਿਆਂ ਵਿਚ ਆਸਾਨੀ ਨਾਲ ਲਿਜਾ ਸਕਦਾ ਹੈ | ਕਿਸਾਨਾਂ ਨੇ ਇੱਥੇ ਇਸ ਦੇ ਜੂਸ ਕੱਢਣ ਵਾਸਤੇ ਇੰਡਸਟਰੀ ਲਗਾਏ ਜਾਣ ਦੀ ਵੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਮਜ਼ਦੂਰਾਂ ਨੇ ਉਨ੍ਹਾਂ ਨੂੰ ਸਸਤੇ ਦਰਾਂ ਤੇ ਵਾਹਨਾਂ ਵਾਸਤੇ ਕਰਜ਼ੇ ਮੁਹੱਈਆ ਕੀਤੇ ਜਾਣ ਦੀ ਗੱਲ ਕੀਤੀ ਹੈ | ਇਸ ਦੀ ਤੁੜਾਈ ਵਾਸਤੇ ਅਲਮੂਨੀਅਮ ਦੀਆਂ ਪੌੜੀਆਂ ਬਣਾ ਕੇ ਦਿੱਤੇ ਜਾਣ ਵਾਸਤੇ ਵੀ ਕਿਹਾ ਹੈ | ਮਜ਼ਦੂਰਾਂ ਨੇ ਇਹ ਵੀ ਕਿਹਾ ਕਿ ਕਾਫ਼ੀ ਜ਼ਿਆਦਾ ਦੂਰੀ ਤੇ ਫਲ ਨੂੰ ਤੋੜਨ ਲਈ ਪੌੜੀਆਂ ਤੇ ਚੜ ਕੇ ਮਜ਼ਦੂਰ ਕੰਮ ਕਰਦੇ ਨੇ ਜੋ ਕਿ ਬਹੁਤ ਰਿਸਕੀ ਰਹਿੰਦਾ ਹੈ ਇਸ ਲਈ ਕਈ ਵਾਰ ਮਜ਼ਦੂਰਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ | ਅਜਿਹੇ ਵਿਚ ਕਿਰਤ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਦਾ ਬੀਮਾ ਕਰੇ ਅਤੇ ਮਜ਼ਦੂਰਾਂ ਨੂੰ ਸੇਫ਼ਟੀ ਬੈਲਟ ਮੁਹੱਈਆ ਕਰਵਾ ਕੇ ਦੇਵੇ | ਕਿਸਾਨ ਨਰਿੰਦਰ ਪਾਲ ਸਿੰਘ ਮੈਰਿਡ ਨੇ ਦੱਸਿਆ ਕਿ ਅੱਜ ਤੋਂ ਕੁੱਝ ਸਮਾਂ ਪਹਿਲਾਂ ਉਨ੍ਹਾਂ ਦੀ ਪਿੰਡ ਤੇ ਕਿਸਾਨਾਂ ਦੀ ਸੇਮ ਕਰਕੇ ਹਾਲਤ ਬੇਹੱਦ ਖਸਤਾ ਵੀ ਸੀ ਪਰ ਜਿਉਂ ਹੀ ਕਿਸਾਨਾਂ ਨੇ ਜਾਮਣ ਦੀ ਖੇਤੀ ਵੱਲ ਧਿਆਨ ਦਿੱਤਾ ਤਾਂ ਇਹ ਕਿਸਾਨਾਂ ਲਈ ਸਹਾਇਕ ਧੰਦਾ ਲਾਹੇਵੰਦ ਸਾਬਤ ਹੋ ਗਿਆ ਅੱਜ ਛੋਟੇ ਤੋਂ ਛੋਟਾ ਕਿਸਾਨ ਲੱਖਾਂ ਰੁਪਏ ਕਮਾ ਰਿਹਾ ਹੈ |