30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸੁਨੀਲ ਜਾਖੜ ਜਾਂ ਤਾਂ ਮੇਰੇ ਗੈਂਗਸਟਰਾਂ ਨਾਲ ਸੰਬੰਧ ਸਿੱਧ ਕਰ ਦੇਣ, ਨਹੀਂ ਤਾਂ ਮੁਆਫ਼ੀ ਮੰਗਣ-ਗੋਲਡੀ ਮੁਸਾਫ਼ਰ

ਅਜੀਤ ਡੈਸਕ 19-07-2025
ਅਬੋਹਰ, 18 ਜੁਲਾਈ (ਸੁਖਜੀਤ ਸਿੰਘ ਬਰਾੜ)-ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਜਾਂ ਤਾਂ ਮੇਰੇ ਗੈਗਸਟਰਾਂ ਨਾਲ ਸਬੰਧ ਸਿੱਧ ਕਰ ਦੇਣ, ਨਹੀਂ ਤਾਂ ਜਨਤਕ ਤੌਰ 'ਤੇ ਮੇਰੇ ਤੋਂ ਮੁਆਫ਼ੀ ਮੰਗਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੱਲੂਆਣਾ ਵਿਧਾਨ ਸਭਾ ਹਲਕੇ ਦੇ 'ਆਪ' ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਵਲੋਂ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ 7 ਜੁਲਾਈ ਨੂੰ ਅਬੋਹਰ ਦੇ ਨਾਮੀ ਕੱਪੜਾ ਵਪਾਰੀ ਸੰਜੇ ਵਰਮਾ ਦਾ ਗੈਗਸਟਰਾਂ ਨੇ ਕਤਲ ਕਰ ਦਿੱਤਾ ਸੀ | ਉਹ ਕੱਪੜਾ ਵਪਾਰੀ ਸਾਡੇ ਇਲਾਕੇ ਦੇ ਹੋਣ ਕਾਰਨ ਬੀਤੇ ਦਿਨ ਸਮਾਪਤ ਹੋਏ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਮੈਂ ਸਪੀਕਰ ਹੋਰਾਂ ਨੂੰ ਕਹਿ ਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮੌਕੇ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸੰਜੇ ਵਰਮਾ ਨੂੰ ਵੀ ਵਿਧਾਨ ਸਭਾ ਵਿਚ ਸ਼ਰਧਾਂਜਲੀ ਦੁਆਈ ਸੀ | ਪਰ ਉਸ ਤੋਂ ਬਾਅਦ ਭਾਜਪਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਹੋਰਾਂ ਨੇ ਮੀਡੀਆ ਵਿਚ ਮੇਰੇ 'ਤੇ ਟਿੱਪਣੀ ਕੀਤੀ ਸੀ ਕਿ ਹੁਣ ਚਿੱਟੇ ਕੁੜਤੇ ਪਜਾਮੇ ਵਾਲੇ ਗੈਂਗਸਟਰ ਵਿਧਾਨ ਸਭਾ ਵਿਚ ਵੀ ਪੁੱਜੇ ਗਏ ਹਨ ਤੇ ਇਹ ਵਪਾਰੀਆਂ ਤੋਂ ਗੈਗਸਟਰਾਂ ਨਾਲ ਮਿਲ ਕੇ ਫ਼ਿਰੋਤੀਆਂ ਲੈਂਦੇ ਹਨ | ਮੈਨੂੰ ਪੰਜਾਬ ਦੇ ਸੁਲਝੇ ਹੋਏ ਰਾਜਸੀ ਆਗੂ ਸੁਨੀਲ ਕੁਮਾਰ ਜਾਖੜ ਹੋਰਾਂ ਵਲੋਂ ਮੇਰੇ ਗੈਗਸਟਰਾਂ ਨਾਲ ਸਬੰਧ ਹੋਣ ਦੀ ਟਿੱਪਣੀ ਸੁਣ ਕੇ ਬਹੁਤ ਦੁੱਖ ਹੋਇਆ | ਉਨ੍ਹਾਂ ਵਲੋਂ ਮੇਰੇ 'ਤੇ ਗੈਗਸਟਰਾਂ ਨਾਲ ਸਬੰਧ ਹੋਣ ਦਾ ਲਗਾਇਆ ਦੋਸ਼ ਬਿਲਕੁਲ ਝੂਠਾ ਹੈ |
ਮੈਂ ਤਾਂ ਸੰਜੇ ਵਰਮਾ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਆਰਜ਼ੂ ਬਿਸ਼ਨੋਈ ਨੂੰ ਜਾਣਦਾ ਤੱਕ ਨਹੀਂ | ਉਨ੍ਹਾਂ ਕਿਹਾ ਕਿ ਮੈਂ ਅੱਜ ਆਪਣੀ ਵਿਧਾਨ ਸਭਾ ਮੈਂਬਰੀ ਦਾ ਅਸਤੀਫ਼ਾ ਲਿਖ ਕੇ ਆਪਣੇ ਨਾਲ ਲੈ ਕੇ ਆਇਆ ਹਾਂ | ਜੇਕਰ ਭਾਜਪਾ ਸੂਬਾ ਪ੍ਰਧਾਨ ਮੇਰੇ 'ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦਾ ਲਗਾਇਆ ਕਥਿਤ ਦੋਸ਼ ਸਾਬਤ ਕਰ ਦੇਣ ਤਾਂ ਮੈਂ ਤੁਰੰਤ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਆਂਗਾ | ਜੇਕਰ ਸੁਨੀਲ ਜਾਖੜ ਹੋਰਾਂ ਤੋਂ ਮੇਰੇ 'ਤੇ ਲਗਾਏ ਕਥਿਤ ਦੋਸ਼ ਸਾਬਿਤ ਨਹੀਂ ਹੁੰਦੇ ਤਾਂ ਸੁਨੀਲ ਜਾਖੜ ਮੇਰੇ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ | ਜੇਕਰ ਉਨ੍ਹਾਂ ਇਕ ਹਫ਼ਤੇ ਵਿਚ ਇਹ ਸਿੱਧ ਨਾ ਕੀਤਾ ਤਾਂ ਉਹ ਸੁਨੀਲ ਜਾਖੜ ਹੋਰਾਂ ਵਿਰੁੱਧ ਕੋਰਟ ਵਿਚ ਜਾਣਗੇ | ਜਦੋਂ ਇਸ ਸਬੰਧ ਵਿਚ ਭਾਜਪਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫ਼ੋਨ ਕਰਨ 'ਤੇ ਵੀ ਫ਼ੋਨ ਨਹੀਂ ਚੁੱਕਿਆ |
ਪਿਛਲੀ ਖ਼ਬਰ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਜ਼ਿਲ੍ਹਾ ਟਾਸਕ ਫੋਰਸ ਵਲੋਂ ਛਾਪੇਮਾਰੀ ਅਗਲੀ ਖ਼ਬਰ ਤੇਜ਼ ਰਫ਼ਤਾਰ ਜੀਪ ਬੇਕਾਬੂ ਹੋ ਕੇ ਪਲਟੀ- ਜੀਪ ਚਾਲਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।