ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ 'ਚ ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ ਫ਼ਾਜ਼ਿਲਕਾ ਵਿਖੇ ਛਾਪੇਮਾਰੀ ਕਰਦਿਆਂ ਵਿਸ਼ੇਸ਼ ਚੈਕਿੰਗ ਕੀਤੀ ਇਹ ਕਾਰਵਾਈ ਮਾਨਯੋਗ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਫ਼ਾਜ਼ਿਲਕਾ ਦੇ ਨਿਰਦੇਸ਼ਾਂ ਤੇ ਪ੍ਰਾਜੈਕਟ ਜੀਵਨ ਜੋਤੀ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਾਜ਼ਿਲਕਾ ਨਵਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ | ਜਿਸ ਦੌਰਾਨ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲ਼ੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆ 'ਚ ਛਾਪੇਮਾਰੀ ਕੀਤੀ ਗਈ | ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਨੇ ਕਿਹਾ ਕਿ ਜ਼ਿਲੇ੍ਹ 'ਚ ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ | ਇਹ ਟੀਮ ਪੁਲਿਸ ਤੇ ਹੋਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨਾਲ ਮਿਲ ਕੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ | ਭੀਖ ਮੰਗਣ 'ਚ ਸ਼ਾਮਲ ਬੱਚਿਆਂ ਨੂੰ ਬਚਾਇਆ ਜਾਵੇਗਾ ਤੇ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਵੇਗਾ | ਅਜਿਹੇ ਮਾਪੇ ਜੋ ਬਚਿਆਂ ਤੋਂ ਬਾਲ ਮਜ਼ਦੂਰੀ ਜਾਂ ਬਾਲ ਭਿੱਖਿਆ ਕਰਵਾ ਰਹੇ ਹਨ, ਉਨ੍ਹਾਂ ਬੱਚਿਆਂ ਦੇ ਡੀ.ਐਨ.ਏ. ਟੈੱਸਟ ਕਰਵਾਏ ਜਾਣਗੇ ਕਿਉਂਕਿ ਅਕਸਰ ਵੇਖਣ ਵਿਚ ਆਇਆ ਹੈ ਕਿ ਦੂਸਰੇ ਰਾਜਾਂ ਤੋਂ ਆਏ ਬੱਚੇ ਭੀਖ ਮੰਗਦੇ ਹਨਅਤੇ ਕਈ ਵਾਰ ਉਨ੍ਹਾਂ ਨਾਲ ਮਾਪੇ ਬਣ ਕੇ ਘੁੰਮ ਰਹੇ ਵਿਅਕਤੀ ਉਨ੍ਹਾਂ ਦੇ ਅਸਲ ਮਾਪੇ ਨਹੀਂ ਹੁੰਦੇ ਤੇ ਜਾਂਚ ਦੌਰਾਨ ਕਈ ਬੱਚੇ ਕਿਤੇ ਨਾ ਕਿਤੇ ਚੋਰੀ ਕੀਤੇ ਨਿਕਲਦੇ ਹਨ | ਉਪਰੋਕਤ ਜਾਣਕਾਰੀ ਦੀ ਚੈਕਿੰਗ ਟੀਮ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਵਲੋਂ ਦਿੱਤੀ ਗਈ, ਉਨ੍ਹਾਂ ਨੇ ਦੱਸਿਆ ਕਿ ਫ਼ਾਜ਼ਿਲਕਾ ਦੇ ਘੰਟਾ ਘਰ ਚੌਂਕ, ਰੇਲਵੇ ਸਟੇਸ਼ਨ, ਬੱਸ ਸਟੈਂਡ, ਮੇਨ ਬਾਜ਼ਾਰ, ਸਾਧੂ ਆਸ਼ਰਮ ਰੋਡ, ਮੰਦਰ *ਤੇ ਚੈਕਿੰਗ ਕਰਕੇ ਉਨ੍ਹਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਹ ਚੈਕਿੰਗਾਂ ਭਵਿੱਖ 'ਚ ਲਗਾਤਾਰ ਜਾਰੀ ਰਹਿਣਗੀਆਂ | ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਕਿਉਂਕਿ ਬੱਚਿਆਂ 'ਤੇ ਭੀਖ ਮੰਗਵਾਉਣ ਵਾਲੇ ਮਾਪੇ ਇਸ ਲਈ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਕਿਉਂਕਿ ਉਨ੍ਹਾਂ ਦੇ ਬੱਚੇ ਭੀਖ ਮੰਗ ਕੇ ਚੰਗੇ ਪੈਸੇ ਇਕੱਠੇ ਕਰਕੇ ਲਿਆਉਂਦੇ ਹਨ | ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ | ਚੈਕਿੰਗ ਦੌਰਾਨ ਟੀਮ 'ਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ, ਕੌਸ਼ਲ ਤੇ ਰਣਵੀਰ ਕੌਰ ਸੀ.ਪੀਓ, ਨਿਸ਼ਾਨ ਸਿੰਘ, ਰੁਪਿੰਦਰ ਸਿੰਘ, ਸਿਮਰਨ, ਸਾਰਿਕਾ, ਭੁਪਿੰਦਰ ਦੀਪ ਸਿੰਘ, ਸਿੱਖਿਆ ਵਿਭਾਗ, ਪੁਲਿਸ ਵਿਭਾਗ ਅਤੇ ਚਾਈਲਡ ਲਾਇਨ ਦੇ ਨੁਮਾਇੰਦੇ ਸ਼ਾਮਲ ਸਨ |