ਧਾਰੀਵਾਲ, 19 ਨਵੰਬਰ (ਜੇਮਸ ਨਾਹਰ)- ਵਿਧਾਨ ਸਭਾ ਹਲਕਾ ਤਰਨ ਤਾਰਨ ਵਿਖੇ ਹੋਈ ਜ਼ਿਮਨੀ ਚੋਣ 'ਚ ਜੇਤੂ ਰਹੇ ਸ: ਹਰਮੀਤ ਸਿੰਘ ਸੰਧੂ ਨੂੰ ਕਿ੍ਸ਼ਚਨ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਡੈਨੀਅਲ ਮਸੀਹ ਭੱਟੀ ਨੇ ਵਿਸ਼ੇਸ਼ ਮੁਲਾਕਾਤ ਕਰ ਕੇ ਸੰਧੂ ਨੂੰ ਗੁਲਦਸਤਾ ਭੇਟ ਕਰਦੇ ਹੋਏ ਜਿੱਤ ਦੀ ਵਧਾਈ ਦਿੱਤੀ | ਚੇਅਰਮੈਨ ਡੈਨੀਅਲ ਭੱਟੀ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ, ਮੁੱਖ ਮੰਤਰੀ ਸ: ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਖੁਸ਼ ਤੇ ਸੰਤੁਸ਼ਟ ਹਨ, ਜਿਸ ਕਰ ਕੇ ਲੋਕਾਂ ਨੇ ਹਰਮੀਤ ਸਿੰਘ ਸੰਧੂ ਆਪ ਦੇ ਉਮੀਦਵਾਰ ਨੂੰ ਦੂਜੀਆਂ ਪਾਰਟੀਆਂ ਨਾਲੋਂ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਵਾਈ ਹੈ | ਚੇਅਰਮੈਨ ਤੇ ਟਰਾਂਸਪੋਰਟਰ ਡੈਨੀਅਲ ਮਸੀਹ ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਲੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸਦਕਾ ਉਨ੍ਹਾਂ ਨੇ ਬੀਤੇ ਦਿਨੀਂ ਚੋਣ ਪ੍ਰਚਾਰ ਦੌਰਾਨ ਦਿਨ-ਰਾਤ ਮਿਹਨਤ ਕੀਤੀ ਸੀ ਜਿਸ ਵਿਚ ਸਾਰੀਆਂ ਮਸੀਹ ਮਿਸ਼ਨਾਂ, ਚਰਚ ਪਾਦਰੀ, ਪਾਸਟਰਾਂ ਤੇ ਫਾਦਰਾਂ ਤੋਂ ਇਲਾਵਾ ਕਿ੍ਸ਼ਚਨ ਯੂਥ ਨੇ ਉਨ੍ਹਾਂ ਦਾ ਵੱਡਾ ਸਾਥ ਦੇ ਕੇ ਸੰਧੂ ਦੀ ਇਸ ਇਤਿਹਾਸਕ ਜਿੱਤ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ | ਉਨ੍ਹਾਂ ਕਿਹਾ ਕਿ ਕਿ੍ਸ਼ਚਨ ਭਾਈਚਾਰੇ ਦੁਆਰਾ ਕੀਤੀ ਇਸ ਮਿਹਨਤ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਉਹ ਸਦਾ ਕਿ੍ਸ਼ਚਨ ਭਾਈਚਾਰੇ ਦਾ ਰਿਣੀ ਰਹੇਗਾ |