ਸੁਜਾਨਪੁਰ, 6 ਨਵੰਬਰ (ਜਗਦੀਪ ਸਿੰਘ)- ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਗੁਗਰਾਂ ਬੇੜੀਆਂ ਸੰਪਰਕ ਸੜਕ 'ਤੇ ਬੁੱਧਵਾਰ ਰਾਤ ਟਰੈਕਟਰ ਟਰਾਲੀ ਨੂੰ ਕਰਾਸ ਕਰਦੇ ਹੋਏ ਟਰੈਕਟਰ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ | ਜਦੋਂ ਇਸ ਘਟਨਾ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਟਰੈਕਟਰ ਟਰਾਲੀ ਨੂੰ ਅੱਗ ਲਗਾ ਦਿੱਤੀ ਤੇ ਮਿ੍ਤਕ ਨੂੰ ਸੜਕ 'ਤੇ ਰੱਖ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਮੌਕੇ 'ਤੇ ਪਹੁੰਚੇ ਸੁਜਾਨਪੁਰ ਪੁਲਿਸ ਐਸ.ਐਚ.ਓ. ਮੋਹਿਤ ਟਾਂਕ ਨੇ ਲੋਕਾਂ ਨੂੰ ਸ਼ਾਂਤ ਕਰਨਾ ਚਾਹਿਆ ਪਰ ਗ਼ੁੱਸੇ 'ਚ ਆਏ ਲੋਕਾਂ ਨੇ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ | ਮਿ੍ਤਕ ਦੀ ਪਹਿਚਾਣ ਅਸ਼ਵਨੀ ਕੁਮਾਰ ਵਾਸੀ ਢੇਸੀਆਂ ਦੇ ਰੂਪ ਵਿਚ ਹੋਈ ਹੈ, ਜੋ ਕਿ ਕਿਸੇ ਕੰਮ ਕਰਕੇ ਆਪਣੇ ਘਰੋਂ ਸੁਜਾਨਪੁਰ ਨੂੰ ਨਿਕਲਿਆ ਸੀ | ਜਦੋਂ ਗੁਗਰਾਂ ਕਾਲੋਨੀ ਕੋਲ ਪਹੁੰਚਿਆ ਤਾਂ ਟਰੈਕਟਰ ਟਰਾਲੀ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ | ਮਿ੍ਤਕ ਨੌਜਵਾਨ ਗੋਲ-ਗੱਪਿਆਂ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਦਾ ਸੀ | ਇਸ ਘਟਨਾ ਨਾਲ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਨੂੰ ਸਰਪੰਚ, ਪਰਮਜੀਤ ਕੌਰ, ਰਜੇਸ਼ ਭਾਰਦਵਾਜ, ਰਿੰਕੀ ਠਾਕੁਰ, ਹੈਪੀ ਸਿੰਘ, ਵਿਸ਼ਾਲ ਕੁਮਾਰ, ਤਰਲੋਕ ਸਿੰਘ, ਪਵਨ ਕੁਮਾਰ, ਜਗੀਰ ਸਿੰਘ, ਬਲਦੇਵ ਰਾਜ ਤੇ ਬਲਵੰਤ ਸਿੰਘ ਆਦਿ ਨੇ ਦੱਸਿਆ ਕਿ ਇਸ ਸੰਪਰਕ ਸੜਕ 'ਤੇ ਕਰੈਸ਼ਰ ਇੰਡਸਟਰੀ ਨਾਲ ਜੁੜੇ ਟਿੱਪਰ ਟਰਾਲੀਆਂ ਰੋਜ਼ਾਨਾ ਤੇਜ਼ ਰਫ਼ਤਾਰ ਨਾਲ ਲੰਘਦੇ ਹਨ ਅਤੇ ਕਈ ਵਾਰ ਇੱਥੇ ਹਾਦਸੇ ਹੋ ਚੁੱਕੇ ਹਨ | ਕੁਝ ਸਮਾਂ ਪਹਿਲਾਂ ਲੋਕਾਂ ਵਲੋਂ ਇਸ ਦਾ ਵਿਰੋਧ ਕਰਨ 'ਤੇ ਪ੍ਰਸ਼ਾਸਨ ਨੇ ਇੱਥੋਂ ਲੰਘਦੇ ਟਰੈਕਟਰ ਟਰਾਲੀਆਂ ਤੇ ਟਿੱਪਰਾਂ ਦੇ ਲੰਘਣ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਸੀ ਪਰ ਹੁਣ ਦੁਬਾਰਾ ਸਥਿਤੀ ਜਿਉਂ ਦੀ ਤਿਉਂ ਹੀ ਬਣ ਗਈ ਸੀ | ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੱਡੀਆਂ ਦੇ ਲੰਘਣ ਨਾਲ ਆਮ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਛੋਟੇ-ਛੋਟੇ ਬੱਚੇ ਸਕੂਲ ਜਾਂਦੇ ਹਨ ਜਿਨ੍ਹਾਂ ਦੀ ਸੁਰੱਖਿਆ ਵੀ ਖ਼ਤਰੇ ਵਿਚ ਹੈ | ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਗੱਡੀਆਂ ਦੇ ਲੰਘਣ ਦਾ ਸਮਾਂ ਨਿਸ਼ਚਿਤ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੁੰਦੀਆਂ | ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਗੱਡੀਆਂ ਦੇ ਲੰਘਣ 'ਤੇ ਪਾਬੰਦੀ ਲਗਾਈ ਜਾਵੇ | ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੋਕਾਂ ਵਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ | ਪ੍ਰਸ਼ਾਸਨ ਵਲੋਂ ਲੋਕਾਂ ਨੂੰ ਬਹੁਤ ਸਮਝਾਇਆ ਗਿਆ ਪਰ ਲੋਕ ਨਾ ਮੰਨੇ ਆਖ਼ਰ ਤਿੰਨ ਘੰਟੇ ਬਾਅਦ ਪ੍ਰਸ਼ਾਸਨ ਦੇ ਸਮਝਾਉਣ 'ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇਣ 'ਤੇ ਲੋਕਾਂ ਵਲੋਂ ਜਾਮ ਖ਼ੋਲ੍ਹ ਦਿੱਤਾ ਗਿਆ | ਅੱਜ ਪਿੰਡ ਵਾਸੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਕਰੈਸ਼ਰ ਇੰਡਸਟਰੀ ਨਾਲ ਸਬੰਧਿਤ ਵੱਡੀਆਂ ਗੱਡੀਆਂ ਬੰਦ ਕਰਨ ਅਤੇ ਮਿ੍ਤਕ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫ਼ੰਡ 'ਚੋਂ ਸਹਾਇਤਾ ਦੇਣ ਤੇ ਮਿ੍ਤਕ ਦੇ ਪਰਿਵਾਰ ਨੂੰ ਨੌਕਰੀ ਦੇਣ ਸੰਬੰਧੀ ਕਿਹਾ ਗਿਆ | ਸੁਜਾਨਪੁਰ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਬੋਧਰਾਜ ਨਿਵਾਸੀ ਭੂਲਚੱਕ ਟੇਸੀਆਂ ਨੇ ਕਿਹਾ ਕਿ ਉਸ ਦਾ ਭਰਾ ਅਸ਼ਵਨੀ ਕੁਮਾਰ ਘਰੇਲੂ ਸਾਮਾਨ ਲੈਣ ਲਈ ਬਾਜ਼ਾਰ ਜਾ ਰਿਹਾ ਸੀ ਤਾਂ ਗੁਗਰਾਂ ਫਾਟਕ ਨੇੜੇ ਇਕ ਟਰੈਕਟਰ ਚਾਲਕ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਜਿਸ ਦੀ ਲਪੇਟ ਵਿਚ ਆਉਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ | ਪੁਲਿਸ ਨੇ ਟਰੈਕਟਰ ਡਰਾਈਵਰ ਨਿਤਿਨ ਕੁਮਾਰ ਨਿਵਾਸੀ ਭੁੱਲਚਕ ਕੁਲੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |