ਸ਼ਾਹਪੁਰ ਕੰਢੀ, 6 ਨਵੰਬਰ (ਰਣਜੀਤ ਸਿੰਘ)- ਜੰਮੂ-ਕਸ਼ਮੀਰ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਲਗਪਗ 50 ਔਰਤਾਂ ਨੰੂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਡਾਕਟਰ ਵਲੋਂ ਕਿਸਾਨੀ ਦੇ ਸਹਾਇਕ ਧੰਦਿਆਂ ਡੇਅਰੀ ਫਾਰਮ, ਮਸ਼ਰੂਮ ਦੀ ਕਾਸ਼ਤ, ਮਧੂ ਮੱਖੀ ਪਾਲਨ, ਸਬਜ਼ੀਆਂ ਦੀ ਕਾਸ਼ਤ ਆਦਿ ਧੰਦਿਆਂ ਦੀ ਜਾਣਕਾਰੀ ਦੇਣ ਦੇ ਮੰਤਵ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਤੋਂ ਇਲਾਵਾ ਮਾਹਿਰ ਡਾਕਟਰਾਂ ਦੀ ਟੀਮ ਨੇ ਪਰਾਲੀ ਪ੍ਰਬੰਧਨ ਤੇ ਫਸਲਾਂ ਦੀ ਦੇਖਭਾਲ ਦੀ ਵੀ ਜਾਣਕਾਰੀ ਦਿੱਤੀ ਅਤੇ ਆਪਣੇ ਫਾਰਮ ਖੁੱਲ੍ਹਣ ਲਈ ਸਰਕਾਰ ਵਲੋਂ ਚਲਾਈਆਂ ਸਕੀਮਾਂ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਦੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਕਿਸਾਨ ਆਪਣੇ ਖੇਤੀ ਦੇ ਨਾਲ ਸਹਾਇਕ ਧੰਦਿਆਂ ਰਾਹੀਂ ਆਪਣੀ ਆਮਦਨ 'ਚ ਵਾਧਾ ਕਰ ਸਕਦੇ ਹਨ | ਸੈਮੀਨਾਰ ਵਿਚ ਡਾ: ਪੁਨੀਤ ਸ਼ਰਮਾ, ਡਾ: ਮਨੂ ਤਿਆਗੀ, ਡਾ: ਵਿਨੇ ਪਠਾਨੀਆ, ਡਾ: ਸੁਰਿੰਦਰ ਸਿੰਘ ਆਦਿ ਨੇ ਮਹਿਲਾ ਕਿਸਾਨਾਂ ਦਾ ਮਾਰਗ ਦਰਸ਼ਨ ਕੀਤਾ |