ਗੁਰਦਾਸਪੁਰ, 5 ਨਵੰਬਰ (ਅਸ਼ੋਕ ਸ਼ਰਮਾ)- ਟਰੈਫ਼ਿਕ ਵਿਭਾਗ ਦੀ ਅਣਗਹਿਲੀ ਕਾਰਨ ਨਜਾਇਜ਼ ਚੱਲ ਰਹੇ ਜੁਗਾੜੂ ਵਾਹਨ ਤੇ ਈ ਰਿਕਸ਼ਿਆਂ ਵਲੋਂ ਨਜਾਇਜ਼ ਢੋਆ ਢੁਆਈ ਕਾਰਨ ਚਾਰ ਪਹੀਆ ਵਾਹਨ ਚਾਲਕਾਂ ਦਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਚਾਰ ਪਹੀਆ ਵਾਹਨ ਚਾਲਕਾਂ ਨੇ ਦੱਸਿਆ ਕਿ ਉਹ ਲੱਖਾਂ ਰੁਪਏ ਖ਼ਰਚ ਕਰਕੇ ਬੈਂਕਾਂ ਤੋਂ ਕਰਜ਼ਾ ਲੈ ਕੇ ਅਜਿਹੇ ਵਾਹਨ ਖ਼ਰੀਦੇ ਹਨ ਤੇ ਇਨ੍ਹਾਂ ਦੀ ਰਜਿਸਟਰੇਸ਼ਨ, ਇਨਸ਼ੋਰੈਂਸ ਕਰਵਾਉਣ ਆਦਿ 'ਤੇ ਸਰਕਾਰ ਨੂੰ ਹਜ਼ਾਰਾਂ ਰੁਪਏ ਦਾ ਸਲਾਨਾ ਭੁਗਤਾਨ ਟੈਕਸ ਰਾਹੀਂ ਕਰਦੇ ਹਾਂ ਜਦਕਿ ਇਹ ਜੁਗਾੜੂ ਵਾਹਨ ਪੁਰਾਣੇ ਮੋਟਰਸਾਈਕਲ ਨੂੰ ਖ਼ਰੀਦ ਕੇ ਇਨ੍ਹਾਂ ਦੇ ਪਿੱਛੇ ਲੱਕੜੀ ਦਾ ਟਾਇਰਾਂ ਵਾਲਾ ਰੇਹੜਾ ਬਣਾ ਕੇ ਭਾਰ ਢੋਣ ਤੇ ਸਵਾਰੀਆਂ ਆਦਿ ਦੀ ਢੋਆ ਢੁਆਈ ਦਾ ਕੰਮ ਕਰ ਰਹੇ ਹਨ | ਜੁਗਾੜੂ ਵਾਹਨ ਸਰਕਾਰ ਨੂੰ ਬਦਲੇ ਵਿਚ ਕੋਈ ਟੈਕਸ ਆਦਿ ਨਹੀਂ ਭਰਦੇ ਤੇ ਨਜਾਇਜ਼ ਤੌਰ 'ਤੇ ਸੀਮੈਂਟ, ਸਰੀਆ, ਲੱਕੜ ਦੇ ਬਾਲੇ ਆਦਿ ਢੋਆ ਢੁਆਈ ਤੋਂ ਇਲਾਵਾ ਪਿੰਡਾਂ, ਸ਼ਹਿਰਾਂ 'ਚ ਸਬਜ਼ੀ, ਫਲ, ਕੱਪੜੇ ਆਦਿ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ | ਇਨ੍ਹਾਂ ਤੋਂ ਇਲਾਵਾ ਈ ਰਿਕਸ਼ੇ ਵਾਲੇ ਵੀ ਇਨ੍ਹਾਂ ਤੋਂ ਘੱਟ ਨਹੀਂ, ਉਹ ਵੀ ਨਜਾਇਜ਼ ਤੌਰ 'ਤੇ ਮਾਲ ਦੀ ਢੋਆ ਢੁਆਈ ਕਰਦੇ ਵੇਖੇ ਜਾ ਸਕਦੇ ਹਨ ਜਦਕਿ ਈ-ਰਿਕਸ਼ਿਆਂ ਨੂੰ ਕੇਵਲ ਸਵਾਰੀਆਂ ਢਾਉਣ ਲਈ ਵਰਤਣ ਦੀ ਆਗਿਆ ਹੈ ਪਰ ਇਹ ਈ ਰਿਕਸ਼ਾ ਚਾਲਕ ਸ਼ਰੇਆਮ ਆਪਣੇ ਈ ਰਿਕਸ਼ਿਆਂ 'ਤੇ ਮਾਲ ਢਾਹੁੰਦੇ ਵੇਖੇ ਜਾਂਦੇ ਹਨ, ਜਿਸ ਨੂੰ ਕੋਈ ਟਰੈਫ਼ਿਕ ਕਰਮਚਾਰੀ ਨਹੀਂ ਰੋਕਦਾ | ਅਜਿਹੇ ਈ ਰਿਕਸ਼ਾ ਦਾ ਚਲਾਨ ਕਰਨ ਉਪਰੰਤ ਬਣਦਾ ਜੁਰਮਾਨਾ ਵਸੂਲਣਾ ਚਾਹੀਦਾ ਹੈ | ਚਾਰ ਪਹੀਆ ਵਾਹਨ ਚਾਲਕਾਂ ਨੇ ਦੱਸਿਆ ਕਿ ਜੁਗਾੜੂ ਵਾਹਨਾਂ ਨੂੰ ਫੜ ਕੇ ਬੰਦ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਨਜਾਇਜ਼ ਚੱਲ ਰਹੇ ਵਾਹਨਾਂ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ | ਚਾਰ ਪਹੀਆ ਵਾਨ ਚਾਲਕਾਂ ਦੀ ਆਰ.ਟੀ.ਓ. ਗੁਰਦਾਸਪੁਰ ਤੇ ਟਰੈਫ਼ਿਕ ਵਿਭਾਗ ਪਾਸੋਂ ਮੰਗ ਹੈ ਕਿ ਅਜਿਹੇ ਜੁਗਾੜੂ ਵਾਹਨ ਤੇ ਈ-ਰਿਕਸ਼ਾ ਚਾਲਕਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ |