ਘਰੋਟਾ, 31 ਅਗਸਤ (ਸੰਜੀਵ ਗੁਪਤਾ)-ਧੀਰਾ ਹੈਡ ਰੈਗੂਲੇਟਰ ਤੋਂ ਖਾਲ ਦਰਿਆ ਵਿਚ ਭਾਰੀ ਮਾਤਰਾ ਵਿਚ ਪਾਣੀ ਛੱਡੇ ਜਾਣ ਕਾਰਨ ਪਿੰਡ ਬਗਿਆਲ ਦੀ ਪੰਜ ਦਿਨਾਂ 'ਚ 20 ਏਕੜ ਦੇ ਕਰੀਬ ਉਪਜਾਊ ਜ਼ਮੀਨ ਕਟਾਅ ਦੀ ਸ਼ਿਕਾਰ ਹੋ ਚੁੱਕੀ ਹੈ | ਜਦ ਕਿ ਪਹਿਲਾਂ ਹੀ ਇਸ ਤੋਂ 100 ਏਕੜ ਤੋਂ ਜ਼ਿਆਦਾ ਉਪਜਾਊ ਜ਼ਮੀਨ ਇਸ ਖਾਲ ਦਰਿਆ ਦੀ ਲਪੇਟ ਵਿਚ ਆ ਚੁੱਕੀ ਹੈ | ਜੇਕਰ ਇਹੋ ਰਫ਼ਤਾਰ ਰਹੀ ਤਾਂ ਅਗਲੇ ਦਿਨਾਂ 'ਚ ਗੁੱਜਰਾਂ ਦੇ ਡੇਰੇ, ਸ਼ਮਸ਼ਾਨਘਾਟ ਅਤੇ ਪਿੰਡ ਨੂੰ ਵੀ ਵੱਡਾ ਖ਼ਤਰਾ ਇਹ ਦਰਿਆ ਬਣ ਜਾਵੇਗਾ | ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਸਹਿਮ ਦਾ ਵਾਤਾਵਰਨ ਪਾਇਆ ਜਾ ਰਿਹਾ ਹੈ | ਲੋਕੀ ਕਈ ਵਾਰੀ ਸਮੱਸਿਆ ਦੇ ਸਥਾਈ ਹੱਲ ਲਈ ਇਸ ਨੂੰ ਚੈਨਲਾਈਜ਼ ਦੀ ਮੰਗ ਕਰ ਚੁੱਕੇ ਹਨ | ਪਰ ਕੋਈ ਵੀ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਿਹਾ | ਜਿਸ ਕਾਰਨ ਹਰ ਵਰੇ੍ਹ ਹੜ੍ਹਾਂ ਦੇ ਪਾਣੀ ਦੀ ਲਪੇਟ 'ਚ ਇਸ ਪਿੰਡ ਦੀ ਉਪਜਾਊ ਜ਼ਮੀਨ ਆ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਘਰੋਟਾ ਦਾ ਟਾਪੂ ਨਵਾਂ ਪਿੰਡ ਬਗਿਆਲ ਜਿਹੜਾ ਚਾਰੇ ਪਾਸੋਂ ਦਰਿਆਵਾਂ ਅਤੇ ਨਹਿਰਾਂ ਨਾਲ ਘਿਰਿਆ ਹੋਇਆ, ਨੂੰ ਖਾਲ ਦਰਿਆ ਵੱਡਾ ਖ਼ਤਰਾ ਬਣਿਆ ਹੋਇਆ ਹੈ | ਧੀਰਾ ਹੈਡ ਰੈਗੂਲੇਟਰ ਤੋਂ ਨਿਕਲਦਾ ਇਹ ਖ਼ਾਸ ਦਰਿਆ ਫਰੀਦਾਨਗਰ ਨਵਾਂ ਪਿੰਡ 'ਚੋਂ ਹੁੰਦਾ ਹੋਇਆ ਪਿੰਡ ਬਗਿਆਲ ਦੇ ਨਾਲੋਂ ਲੰਘਦਾ ਹੋਇਆ ਗੁਲਪੁਰ ਚੱਕੀ ਦਰਿਆ 'ਚ ਡਿੱਗਦਾ ਹੈ | ਪਿਛਲੇ ਕਰੀਬ ਇਕ ਹਫ਼ਤੇ ਤੋਂ ਇਸ ਵਿਚ ਸਮਰੱਥਾ ਤੋਂ ਕਈ ਗੁਣਾ ਜ਼ਿਆਦਾ ਪਾਣੀ ਛੱਡੇ ਜਾਣ ਕਾਰਨ ਬਗਿਆਲ ਪਿੰਡ ਦੀ ਉਪਜਾਊ ਜ਼ਮੀਨ ਕਰੀਬ 20 ਏਕੜ ਦਰਿਆ ਦੀ ਲਪੇਟ 'ਚ ਆ ਚੁੱਕੀ ਹੈ ਅਤੇ ਇਸ ਤੋਂ ਪਹਿਲਾਂ ਵੀ 100 ਏਕੜ ਦੇ ਕਰੀਬ ਜ਼ਮੀਨ ਜਿਹੜੀ ਦਰਿਆ ਦੀ ਲਪੇਟ 'ਚ ਆ ਚੁੱਕੀ ਹੈ, ਉਸ ਵਿਚੋਂ 50 ਏਕੜ ਇਕੱਲੀ ਪੰਚਾਇਤ ਦੀ ਜ਼ਮੀਨ ਹੈ | ਜੇਕਰ ਇਸੇ ਰਫ਼ਤਾਰ ਦੇ ਨਾਲ ਪਾਣੀ ਅਗਲੇ ਕੁਝ ਦਿਨ ਹੋਰ ਚੱਲਦਾ ਰਿਹਾ ਤਾਂ ਪਿੰਡ ਦੇ ਤਬਾਹ ਹੋਣ ਦਾ ਖ਼ਦਸ਼ਾ ਹੈ | ਪਿੰਡ ਦਾ ਸ਼ਮਸ਼ਾਨਘਾਟ ਪਿੰਡ ਦੀ ਸੜਕ ਗੁੱਜਰਾਂ ਦੇ ਡੇਰੇ ਲਈ ਇਹ ਪਾਣੀ ਖ਼ਤਰਾ ਬਣਿਆ ਹੋਇਆ ਹੈ | ਪਿੰਡ ਵਾਸੀ ਕਈ ਵਾਰੀ ਇਸ ਪਾਣੀ ਨੂੰ ਘੱਟ ਕਰਨ ਲਈ ਮੰਗ ਕਰ ਚੁੱਕੇ ਹਨ, ਪਰ ਕੋਈ ਵੀ ਧਿਆਨ ਨਹੀਂ ਦੇ ਰਿਹਾ | ਜਿਸ ਕਰਕੇ ਕਟਾਅ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ | ਉੱਧਰ ਪਿੰਡ ਵਾਸੀ ਸਰਪੰਚ ਮਲਕੀਤ ਸਿੰਘ ਲਾਡਾ, ਰਣਜੀਤ ਸਿੰਘ, ਕੁਲਦੀਪ ਸਿੰਘ, ਪਿ੍ਤਪਾਲ ਸਿੰਘ, ਪ੍ਰਸ਼ੋਤਮ ਸਿੰਘ, ਯਸ਼ਪਾਲ ਸਿੰਘ, ਪ੍ਰਭਦੀਪ ਸਿੰਘ, ਸਵਰਨ ਸਿੰਘ, ਬਾਬਾ ਗੁਰਬਚਨ ਸਿੰਘ ਸਮੇਤ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਕੇ ਪਹਿਲ ਦੇ ਆਧਾਰ 'ਤੇ ਪਿੰਡ ਵਿਚ ਭੂਮੀ ਕਟਾਅ ਨੂੰ ਰੋਕਣ ਲਈ ਖਾਲ ਦਰਿਆ ਵਿਚ ਪਾਣੀ ਦੀ ਰਫ਼ਤਾਰ ਘੱਟ ਕਰਨ ਦੀ ਮੰਗ ਕੀਤੀ ਹੈ, ਤਾਂ ਕਿ ਪਿੰਡ ਦੀ ਉਪਜਾਊ ਜ਼ਮੀਨ ਜਿਸ ਵਿਚ ਗੰਨਾ ਲੱਗਿਆ ਹੋਇਆ ਹੈ, ਨੂੰ ਬਚਾਇਆ ਜਾ ਸਕੇ | ਉਨ੍ਹਾਂ ਕਿਸਾਨਾਂ ਕਿਹਾ ਕਿ ਉਹ ਪਹਿਲੇ ਹੀ ਆਰਥਿਕ ਮੰਦਹਾਲੀ ਦੇ ਸ਼ਿਕਾਰ ਹੈ | ਹੁਣ ਖਾਲ ਦਰਿਆ ਵਿਚ ਭਾਰੀ ਮਾਤਰਾ 'ਚ ਪਾਣੀ ਛੱਡੇ ਜਾਣ ਕਾਰਨ ਉਨ੍ਹਾਂ ਦੀ ਕਾਫ਼ੀ ਜ਼ਮੀਨ ਦਰਿਆ ਦੀ ਲਪੇਟ 'ਚ ਆ ਗਈ ਹੈ | ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ | ਉਨ੍ਹਾਂ ਪਾਣੀ ਘੱਟ ਕਰਨ ਅਤੇ ਜੇਕਰ ਪਾਣੀ ਛੱਡਣਾ ਤੇ ਇਸ ਨੂੰ ਚੈਨਲਾਈਜ ਕਰਨ ਦੀ ਮੰਗ ਕੀਤੀ ਹੈ |