ਪਠਾਨਕੋਟ, 31 ਅਗਸਤ (ਸੰਧੂ)-ਪਿਛਲੇ ਕੁਝ ਦਿਨਾਂ ਵਿਚ ਇਲਾਕੇ ਵਿਚ ਆਏ ਹੜ੍ਹਾਂ ਕਾਰਨ ਇਲਾਕੇ ਦੇ ਕਈ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਹੜ੍ਹ ਪੀੜਤਾਂ ਦੀ ਮਦਦ ਲਈ ਕਦਮ ਚੁੱਕਦੇ ਹੋਏ ਹੰਸਿਨੀ ਐੱਨ.ਜੀ.ਓ. ਦੀ ਟੀਮ ਪਿੰਡ ਕੋਹਲੀਆਂ ਪਹੁੰਚੀ | ਇਸ ਮੌਕੇ ਉਨ੍ਹਾਂ ਨੇ ਸਾਂਝੇ ਤੌਰ 'ਤੇ ਪਿੰਡ ਵਾਸੀਆਂ ਨੂੰ ਰਾਸ਼ਨ ਸਮਗਰੀ ਅਤੇ ਮੁੱਢਲੀ ਸਹਾਇਤਾ ਕਿੱਟਾਂ ਵੰਡੀਆਂ | ਪ੍ਰਧਾਨ ਕੁਸੁਮ ਖਜੂਰੀਆ ਦੀ ਨਿਗਰਾਨੀ ਹੇਠ ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਸਿੰਘ ਅਰੋੜਾ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਐਲ.ਆਰ. ਸੋਢੀ, ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼ ਅਤੇ ਸੰਯੁਕਤ ਸਕੱਤਰ ਸ਼ੁਭਮ ਗੁਲਾਟੀ ਵੀ ਮੌਜੂਦ ਸਨ | ਇਸ ਮੌਕੇ ਵਪਾਰ ਮੰਡਲ ਪਠਾਨਕੋਟ ਦੀ ਟੀਮ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਅਤੇ ਸੰਸਥਾਵਾਂ ਦੇ ਚੱਲ ਰਹੇ ਰਾਹਤ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਹੰਸਿਨੀ ਐਨ.ਜੀ.ਓ. ਦੀ ਮੁਖੀ ਕੁਸੁਮ ਖਜੂਰੀਆ, ਜਨਰਲ ਸਕੱਤਰ ਪ੍ਰੀਤੀ ਅਰੋੜਾ, ਉਪ ਪ੍ਰਧਾਨ ਰੀਤਾ ਵਰਮਾ ਅਤੇ ਕੈਸ਼ੀਅਰ ਸੋਨੀਆ ਭੰਡਾਰੀ ਨੇ ਸਾਂਝੇ ਤੌਰ 'ਤੇ ਵਪਾਰ ਮੰਡਲ ਪਠਾਨਕੋਟ ਦੀ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ ਹੇਠ ਉਹ ਇਸ ਪਿੰਡ ਦੇ ਹੜ੍ਹ ਪੀੜਤਾਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਨ ਦੇ ਯੋਗ ਹੋਏ | ਦੀਪੇਂਦਰ ਅਰੋੜਾ, ਐਲ.ਆਰ. ਸੋਢੀ ਅਤੇ ਚਾਚਾ ਵੇਦ ਪ੍ਰਕਾਸ਼ ਨੇ ਕਿਹਾ ਕਿ ਹੜ੍ਹ ਕਾਰਨ ਪਿੰਡ ਵਾਸੀਆਂ ਦੀ ਹਾਲਤ ਤਰਸਯੋਗ ਹੈ, ਉਨ੍ਹਾਂ ਨੂੰ ਤੁਰੰਤ ਰਾਹਤ ਸਮਗਰੀ ਪ੍ਰਦਾਨ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਵਪਾਰ ਮੰਡਲ ਪਠਾਨਕੋਟ ਪਿੰਡ ਕੋਹਲੀਆਂ ਦੇ ਹਰ ਨਿਵਾਸੀ ਦੀ ਮਦਦ ਕਰੇਗਾ ਤਾਂ ਜੋ ਉਨ੍ਹਾਂ ਨੂੰ ਹੜ੍ਹ ਅਤੇ ਉਸ ਤੋਂ ਬਾਅਦ ਪੈਦਾ ਹੋਈ ਸਥਿਤੀ ਤੋਂ ਬਾਹਰ ਨਿਕਲਣ ਵਿਚ ਮਦਦ ਮਿਲ ਸਕੇ | ਇਸ ਮੌਕੇ ਪਿੰਡ ਵਾਸੀਆਂ ਨੇ ਹੰਸਿਨੀ ਐਨ.ਜੀ.ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਸਹਾਇਤਾ ਪਿੰਡ ਤੱਕ ਪਹੁੰਚੀ ਹੈ, ਪਰ ਬਹੁਤ ਘੱਟ ਪੱਧਰ 'ਤੇ | ਜੇਕਰ ਉਪਰੋਕਤ ਦੋਵੇਂ ਸੰਸਥਾਵਾਂ ਅੱਜ ਇੱਥੇ ਨਾ ਪਹੁੰਚਦੀਆਂ ਤਾਂ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਨਾ ਜਗਦੇ | ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਤੁਰੰਤ ਰਾਹਤ ਸਮਗਰੀ ਪ੍ਰਦਾਨ ਕਰਨ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਵਪਾਰ ਮੰਡਲ ਪਠਾਨਕੋਟ ਅਤੇ ਹੰਸਿਨੀ ਐਨ.ਜੀ.ਓ. ਦਾ ਧੰਨਵਾਦ ਕੀਤਾ |