31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕੈਬਨਿਟ ਮੰਤਰੀ ਪੰਜਾਬ ਨੇ ਹੜ੍ਹਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਕੀਤਾ ਰੀਵਿਊ • ਜਨਜੀਵਨ ਨੂੰ ਲੀਹ 'ਤੇ ਲੈ ਕੇ ਆਉਣ ਲਈ ਬੁਨਿਆਦੀ ਲੋੜਾਂ ਵਾਲੇ ਕਾਰਜਾਂ ਨੂੰ ਦਿੱਤੀ ਜਾਵੇ ਤਰਜੀਹ-ਲਾਲ ਚੰਦ ਕਟਾਰੂਚੱਕ

ਅਜੀਤ ਡੈਸਕ 01-09-2025
ਪਠਾਨਕੋਟ, 31 ਅਗਸਤ (ਸੰਧੂ/ਵਿਨੋਦ)-ਪਿਛਲੇ ਦਿਨਾਂ ਦੌਰਾਨ ਕੁਦਰਤੀ ਆਫ਼ਤਾਂ ਦੇ ਚੱਲਦਿਆਂ ਹੜ੍ਹਾਂ ਦੀ ਮਾਰ ਹੇਠ ਜ਼ਿਲ੍ਹਾ ਪਠਾਨਕੋਟ ਦੇ ਬਹੁਤ ਸਾਰੇ ਪਿੰਡ ਆਏ ਹਨ ਅਤੇ ਜ਼ਿਆਦਾਤਰ ਮਾਰ ਵਿਧਾਨ ਸਭਾ ਹਲਕਾ ਭੋਆ ਨੂੰ ਪਈ ਹੈ | ਜਿੱਥੇ ਉਝ ਦਰਿਆ, ਜਲਾਲੀਆ ਅਤੇ ਰਾਵੀ ਦਰਿਆ ਦੇ ਕੰਡਿਆਂ 'ਤੇ ਵੱਸੇ ਪਿੰਡ ਹੜ੍ਹਾਂ ਕਾਰਨ ਜ਼ਿਆਦਾ ਪ੍ਰਭਾਵਿਤ ਹੋਏ ਹਨ | ਹੁਣ ਸਾਡਾ ਉਪਰਾਲਾ ਹੈ ਕਿ ਉਨ੍ਹਾਂ ਲੋਕਾਂ ਦਾ ਜੋ ਜਨ ਜੀਵਨ ਪ੍ਰਭਾਵਿਤ ਹੋਇਆ ਹੈ, ਉਸ ਨੂੰ ਫਿਰ ਤੋਂ ਲੀਹ 'ਤੇ ਲੈ ਕੇ ਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕਰਨ ਮਗਰੋਂ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ, ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ, ਉਪ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਸਵਰਨ ਸਲਾਰੀਆ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਠਾਨਕੋਟ ਅਮਨਦੀਪ ਸੰਧੂ, ਹਲਕਾ ਇੰਚਾਰਜ ਪਠਾਨਕੋਟ ਵਿਭੂਤੀ ਸ਼ਰਮਾ, ਹਲਕਾ ਇੰਚਾਰਜ ਸੁਜਾਨਪੁਰ ਅਮਿਤ ਮੰਟੂ, ਐਸ.ਡੀ.ਐਮ. ਪਠਾਨਕੋਟ ਰਾਕੇਸ਼ ਮੀਨਾ, ਮੇਜਰ ਡਾ: ਸੁਮਿਤ ਮੁਧ ਐਸ.ਡੀ.ਐਮ. ਧਾਰ ਕਲਾਂ, ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਬਲਜਿੰਦਰ ਸਿੰਘ ਪ੍ਰਧਾਨ ਕਿਸਾਨ ਮੋਰਚਾ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀ ਦੇ ਵਰਕਰ ਹਾਜ਼ਰ ਸਨ | ਇਸ ਮੌਕੇ ਜਾਣਕਾਰੀ ਦਿੰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਵਿਧਾਨ ਸਭਾ ਹਲਕਾ ਭੋਆ ਦੇ ਜ਼ਿਆਦਾਤਰ ਖੇਤਰ ਹੜ੍ਹਾਂ ਦੀ ਮਾਰ ਹੇਠ ਆਏ ਹਨ | ਭਾਵੇਂ ਕਿ ਪੂਰਾ ਜ਼ਿਲ੍ਹਾ ਹੜ੍ਹ ਨਾਲ ਪ੍ਰਭਾਵਿਤ ਹੋਇਆ ਹੈ | ਪਰ ਜ਼ਿਆਦਾ ਮਾਰ ਵਿਧਾਨ ਸਭਾ ਹਲਕਾ ਭੋਆ ਦੇ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਦੇ ਪਿੰਡਾਂ ਨੂੰ ਪਈ ਹੈ | ਉਨ੍ਹਾਂ ਕਿਹਾ ਕਿ ਇਕ ਸੰਘਰਸ਼ ਕਰਨ ਮਗਰੋਂ ਅਸੀਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਕੱਢ ਸਕੇ | ਹੁਣ ਦੂਸਰੇ ਪੜਾਅ ਵਿਚ ਖੇਤਰ ਦੇ ਜੋ ਵੀ ਇਲਾਕੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਉਨ੍ਹਾਂ ਪਿੰਡਾਂ ਵਿਚ ਪਹੁੰਚ ਕਰਕੇ ਰਾਹਤ ਸਮਗਰੀ ਵੰਡੀ ਜਾ ਰਹੀ ਹੈ | ਪਸ਼ੂਆਂ ਦੇ ਲਈ ਚਾਰੇ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਤੀਸਰੇ ਪੜਾਅ ਵਿਚ ਉਨ੍ਹਾਂ ਪਿੰਡਾਂ ਦਾ ਸਰਵੇ ਕਰਨਾ ਹੈ ਜੋ ਪਿੰਡ ਹੜ੍ਹ ਦੀ ਮਾਰ ਨਾਲ ਪ੍ਰਭਾਵਿਤ ਹੋਏ ਹਨ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਘਰ ਟੁੱਟ ਗਏ ਅਤੇ ਹੜ੍ਹ ਦੀ ਭੇਟ ਚੜ੍ਹ ਗਏ | ਕਿਸਾਨਾਂ ਦੀ ਖੇਤੀ ਯੋਗ ਜ਼ਮੀਨ ਨੂੰ ਰਾਵੀ ਦੇ ਪਾਣੀ ਨੇ ਰੋੜ ਦਿੱਤਾ | ਉਨ੍ਹਾਂ ਪਿੰਡਾਂ ਅੰਦਰ ਪਾਣੀ ਨੇ ਮਾਰ ਕੀਤੀ ਜਿਨ੍ਹਾਂ ਪਿੰਡਾਂ ਤੱਕ ਪਾਣੀ ਪਹੁੰਚਣ ਤੱਕ ਦੀ ਉਮੀਦ ਨਹੀਂ ਸੀ | ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡਾ ਧਿਆਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਕਾਰਜ ਕਰਨ ਵੱਲ ਹੈ, ਜਿਨ੍ਹਾਂ ਪਿੰਡਾਂ ਅੰਦਰ ਬਿਜਲੀ ਪ੍ਰਭਾਵਿਤ ਹੈ, ਉਨ੍ਹਾਂ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਦੇਣ ਦੇ ਕਾਰਜ ਨੂੰ ਤਰਜ਼ੀਹ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਬਿਜਲੀ ਦੀ ਸਪਲਾਈ ਸ਼ੁਰੂ ਹੋਵੇਗੀ ਤਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਆਸਾਨੀ ਨਾਲ ਮਿਲ ਸਕੇਗਾ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਮਾਰਗ ਜ਼ਿਆਦਾ ਪ੍ਰਭਾਵਿਤ ਹੋਏ ਹਨ, ਉਨ੍ਹਾਂ ਰਸਤਿਆਂ ਨੂੰ ਚੱਲਣ ਯੋਗ ਬਣਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ | ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਆਦੇਸ਼ ਹਨ ਕਿ ਕੋਈ ਪਰਿਵਾਰ ਜੋ ਪਾਣੀ ਤੋਂ ਪੀੜਿਤ ਹੈ, ਹੜ੍ਹਾਂ ਤੋਂ ਪੀੜਿਤ ਹੈ ਉਹ ਪਰਿਵਾਰ ਕੋਈ ਵੀ ਸੰਕਟ ਵਿਚ ਨਾ ਰਹੇ ਅਤੇ ਇਸ ਉਦੇਸ਼ ਨਾਲ ਰਾਹਤ ਕਾਰਜ ਕੀਤੇ ਜਾਣ ਕਿ ਲੋਕਾਂ ਦਾ ਜਨ ਜੀਵਨ ਸੁਖਾਲਾ ਹੋ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ ਹਨ ਕਿ ਆਉਣ ਵਾਲੇ ਦਿਨਾਂ ਵਿਚ ਗਿਰਦਾਵਰੀ ਕਰਵਾਈ ਜਾਵੇ ਅਤੇ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਉਸ ਦਾ ਜਾਇਜ਼ਾ ਲਿਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਵੱਡੇ ਰਾਹਤ ਕਾਰਜਾਂ ਵਿਚ ਲੱਗੀ ਹੋਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਅਤੇ ਹੰਸਿਨੀ ਐੱਨ.ਜੀ.ਓ. ਹੜ੍ਹ ਪੀੜਤਾਂ ਤੱਕ ਪਹੁੰਚੇ, ਰਾਹਤ ਸਮੱਗਰੀ ਵੰਡੀ •ਹੰਸਿਨੀ ਐੱਨ.ਜੀ.ਓ.... ਅਗਲੀ ਖ਼ਬਰ ਭੋਆ ਹਲਕੇ ਵਿਚ ਆਏ ਹੜ੍ਹਾਂ ਨੇ ਨਾ ਸਿਰਫ਼ ਮਨੁੱਖੀ ਜੀਵਨ ਸਗੋਂ ਜਾਨਵਰਾਂ ਦੇ ਜੀਵਨ ਨੂੰ ਵੀ ਕੀਤਾ ਪ੍ਰਭਾਵਿਤ • ਸਾਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।