ਧਾਰਕਲਾਂ, 31 ਅਗਸਤ (ਨਰੇਸ਼ ਪਠਾਨੀਆ)-ਪਿਛਲੇ ਲਗਪਗ 10 ਦਿਨਾਂ ਤੋਂ ਦੁਨੇਰਾ ਪਿੰਡ ਦੇ ਵਾਰਡ ਨੰਬਰ-4 ਵਿਚ ਪੀਣ ਯੋਗ ਪਾਣੀ ਦੀ ਸਪਲਾਈ ਠੱਪ ਹੋਈ ਪਈ ਹੈ | ਜੇ.ਈ. ਜਨ ਸਿਹਤ ਵਿਭਾਗ ਦੇ ਤਸੱਲੀਬਖ਼ਸ਼ ਕੋਈ ਢੁੱਕਵਾਂ ਜਵਾਬ ਨਾ ਮਿਲਣ 'ਤੇ ਮੁਹੱਲਾ ਵਾਸੀ ਆਪੇ ਤੋਂ ਬਾਹਰ ਹੋ ਗਏ ਅਤੇ ਅੱਜ ਵਾਰਡ ਨੰਬਰ-4 ਦੀਆਂ ਮਹਿਲਾਵਾਂ, ਬੱਚਿਆਂ ਨੇ ਰਾਸ਼ਟਰੀ ਰਾਜ ਮਾਰਗ 154ਏ 'ਤੇ ਪਾਣੀ ਦੇ ਖਾਲੀ ਭਾਂਡੇ ਲੈ ਕੇ ਜਨ ਸਿਹਤ ਵਿਭਾਗ ਦੇ ਖਿਲਾਫ਼ ਬੈਠ ਗਏ | ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਵਿਭਾਗ ਦੇ ਖਿਲਾਫ਼ ਆਪਣੀ ਭੜਾਸ ਕੱਢੀ | ਕੁਝ ਦੇਰ ਸੜਕ 'ਤੇ ਬੈਠ ਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਸਾਂਕੇਤਿਕ ਵਿਰੋਧ ਪ੍ਰਦਰਸ਼ਨ ਕੀਤਾ ਹੈ ਅਤੇ ਜਲਦ ਉਨ੍ਹਾਂ ਨੰੂ ਜੇਕਰ ਪੀਣ ਯੋਗ ਪਾਣੀ ਦੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕਰਨਗੇ | ਜਿਸ ਦੀ ਜ਼ਿੰਮੇਵਾਰੀ ਮਹਿਕਮਾ ਜਨ ਸਿਹਤ ਵਿਭਾਗ ਦੀ ਹੋਵੇਗੀ | ਐਸ.ਡੀ.ਓ. ਜਨ ਸਿਹਤ ਵਿਭਾਗ ਰਣਜੋਧ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਾਣੀ ਦੀ ਸਪਲਾਈ ਲਾਈਨ ਕਈ ਜਗ੍ਹਾ ਤੋਂ ਬਰਸਾਤੀ ਨਾਲਿਆਂ 'ਚੋਂ ਨਿਕਲਦੀ ਹੈ ਅਤੇ ਇਲਾਕੇ ਵਿਚ ਲਗਾਤਾਰ ਭਾਰੀ ਮੀਂਹ ਪੈ ਰਹੇ ਹਨ | ਜਿਸ ਦੇ ਚੱਲਦੇ ਪਹਾੜਾਂ ਤੋਂ ਮਿੱਟੀ ਪੱਥਰ ਦੀਆਂ ਢਿੱਗਾਂ ਪਾਈਪ ਲਾਈਨਾਂ 'ਤੇ ਡਿੱਗ ਰਹੀਆਂ ਹਨ | ਜਿਸ ਕਰਕੇ ਪਾਈਪਾਂ ਕਈ ਜਗ੍ਹਾ ਤੋਂ ਟੁੱਟੀਆਂ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਬਹੁਤ ਜਲਦ ਪਾਣੀ ਦੀ ਸਪਲਾਈ ਨੰੂ ਬਹਾਲ ਕਰ ਦਿੱਤੀ ਜਾਵੇਗਾ ਤੇ ਮੁਰੰਮਤ ਦਾ ਕੰਮ ਜਾਰੀ ਹੈ |