ਭੈਣੀ ਮੀਆਂ ਖਾਂ, 31 ਅਗਸਤ (ਜਸਬੀਰ ਸਿੰਘ ਬਾਜਵਾ)-ਦਰਿਆ ਕਿਨਾਰੇ ਰਹਿੰਦੇ ਪਿੰਡਾਂ ਦੇ ਲੋਕਾਂ ਦਾ ਜਿੱਥੇ ਦਰਿਆਵਾਂ ਅਤੇ ਮੀਂਹ ਦੇ ਪਾਣੀ ਨੇ ਜੀਵਨ ਉਥਲ-ਪੁਥਲ ਕੀਤਾ ਹੋਇਆ ਹੈ, ਉਥੇ 3 ਦਿਨ ਲਗਾਤਾਰ ਪਈ ਬਾਰਿਸ਼ ਦੇ ਕਾਰਨ ਕਾਹਨੂੰਵਾਨ ਬਲਾਕ ਦੇ ਵੱਖ-ਵੱਖ ਪਿੰਡਾਂ ਦੀਆਂ 2 ਵਿਧਵਾ ਅÏਰਤਾਂ ਸਮੇਤ 6 ਲੋਕਾਂ ਦੀਆਂ ਛੱਤਾਂ ਢੇਰੀ ਹੋ ਗਈਆਂ, ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਬੋੜੋ ਕਿਸਾਨਾਂ ਦੀ ਵਿਧਵਾ ਪਿਆਰੀ ਪਤਨੀ ਸੁਰਗਵਾਸੀ ਅਮਰਜੀਤ ਸਿੰਘ ਦੇ ਮਕਾਨ ਦੀ ਛੱਤ ਅਤੇ ਪਿੰਡ ਭੱਠੀਆਂ ਦੀ ਮਨਜੀਤ ਕੌਰ ਦੇ ਮਕਾਨ ਦੀ ਛੱਤ ਢਹਿ-ਢੇਰੀ ਹੋ ਗਈ, ਜਿਸ ਕਾਰਨ ਉਨ੍ਹਾਂ ਦੇ ਕਮਰੇ ਵਿਚ ਪਿਆ ਅਨਾਜ ਅਤੇ ਕੱਪੜੇ ਖ਼ਰਾਬ ਹੋ ਗਏ | ਇਸੇ ਹੀ ਤਰ੍ਹਾਂ ਬਲਾਕ ਦੇ ਪਿੰਡ ਨਾਨੋਵਾਲ ਖੁਰਦ ਦੇ ਪ੍ਰੇਮ ਮਸੀਹ, ਭੱਠੀਆਂ ਦੇ ਭੋਲਾ ਮਸੀਹ ਹਰਬੰਸ ਲਾਲ ਅਤੇ ਹਰਮੇਸ਼ ਲਾਲ ਦੇ ਮਕਾਨ ਦੀ ਛੱਤ ਢਹਿ ਗਈ, ਪੀੜਤ ਪਰਿਵਾਰਾਂ ਨੇ ਦੱਸਿਆ ਕਿ ਅਸੀਂ ਆਪਣੇ ਮਕਾਨਾਂ ਦੀ ਛੱਤ ਦੀ ਮੁਰੰਮਤ ਦੇ ਲਈ ਕਈ ਵਾਰ ਆਪਣੇ ਪਿੰਡ ਦੀਆਂ ਪੰਚਾਇਤਾਂ ਨੂੰ ਜਾਣੂ ਕਰਵਾ ਚੁੱਕੇ ਹਾਂ, ਪਰ ਇਸ ਦੇ ਬਾਵਜੂਦ ਵੀ ਸਾਨੂੰ ਕਿਸੇ ਨੂੰ ਵੀ ਇੰਦਰਾ ਆਵਾਸ ਯੋਜਨਾ ਦੇ ਤਹਿਤ ਕਦੇ ਕੋਈ ਗ੍ਰਾਂਟ ਨਸੀਬ ਨਹੀਂ ਹੋਈ, ਪੀੜਤ ਪਰਿਵਾਰਾਂ ਨੇ ਦੱਸਿਆ ਕਿ ਇਹ ਮੀਂਹ ਉਨ੍ਹਾਂ ਦੇ ਲਈ ਆਫ਼ਤ ਬਣ ਕੇ ਬਰਸਿਆ ਹੈ |