ਬਟਾਲਾ, 20 ਜੁਲਾਈ (ਹਰਦੇਵ ਸਿੰਘ ਸੰਧੂ)-ਬੀਤੇ ਕੱਲ੍ਹ ਆਈ.ਸੀ.ਐੱਸ.ਈ. ਸਕੂਲਾਂ ਦੀ ਵਿਸ਼ੇਸ਼ ਇਕੱਤਰਤਾ ਬਟਾਲਾ ਨਜ਼ਦੀਕ ਅੱਡਾ ਘਣੀਏ-ਕੇ-ਬਾਂਗਰ ਵਿਖੇ ਸੰਤ ਫਰਾਂਸਿਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ, ਜਿਸ ਦੌਰਾਨ ਇਲਾਕੇ ਦੇ ਸਮੁੱਚੇ ਆਈ.ਸੀ.ਐੱਸ.ਸੀ. ਸਕੂਲਾਂ ਦੇ ਪ੍ਰਬੰਧਕਾਂ ਵਲੋਂ ਸ਼ਮੂਲੀਅਤ ਕੀਤੀ ਗਈ | ਸ੍ਰੀ ਗੁਰੂ ਰਾਮਦਾਸ ਅਕੈਡਮੀ ਰਿਆਲੀ ਕਲਾਂ ਦੇ ਪਿ੍ੰਸੀਪਲ ਧੰਨਰਾਜ ਸਿੰਘ ਬੋਪਾਰਾਏ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰ ਕੇ ਆਪਣੇ ਵੱਡਮੁੱਲੇ ਵਿਚਾਰ ਰੱਖੇ ਤੇ ਸਕੂਲ ਨੂੰ ਆ ਰਹੀਆਂ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਬਾਰੇ ਸੰਤ ਫਰਾਂਸਿਸ ਸਕੂਲ ਦੀ ਪਿ੍ੰਸੀਪਲ ਇਲਿਆਸ ਤੇ ਗੁਰੂ ਰਾਮਦਾਸ ਅਕੈਡਮੀ ਦੇ ਪਿ੍ੰਸੀਪਲ ਧੰਨਰਾਜ ਸਿੰਘ ਨੇ ਦੱਸਿਆ ਕਿ ਸਾਲ 2025-26 ਵਿਚ 9ਵੀਂ, 10ਵੀਂ, 11ਵੀਂ ਤੇ 12ਵੀਂ ਜਮਾਤਾਂ ਦੇ ਰਜਿਸਟ੍ਰੇਸ਼ਨਾਂ ਤੇ ਦਾਖ਼ਲਿਆਂ ਸਬੰਧੀ ਫ਼ੀਸਾਂ ਵਿਚ ਹੋਏ ਵਾਧੇ ਬਾਰੇ ਹੋਈਆਂ ਤਬਦੀਲੀਆਂ ਵੀ ਜਾਣਕਾਰੀ ਸਾਂਝੀ ਕੀਤੀ | ਇਸ ਇਕੱਤਰਤਾ ਦੌਰਾਨ ਪਿ੍ੰਸੀਪਲ ਇਲਿਆਸ ਨੂੰ ਆਈ.ਸੀ.ਐੱਸ.ਈ. ਸਕੂਲਾਂ ਦਾ ਸਰਬਸੰਮਤੀ ਨਾਲ ਕਨਵੀਨਰ ਸੰਯੁਕਤ ਕੀਤਾ ਗਿਆ |