ਦੀਨਾਨਗਰ, 20 ਜੁਲਾਈ (ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਅੰਤਰਰਾਸ਼ਟਰੀ ਇਨਸਾਫ਼ ਦਿਵਸ ਮਨਾਇਆ ਗਿਆ | ਕਾਲਜ ਦੀ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਦੀ ਪ੍ਰਧਾਨਗੀ 'ਚ ਕਰਵਾਏ ਇਸ ਸਮਾਗਮ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਪੋਸਟਰ ਬਣਾ ਕੇ ਅਤੇ ਸਲੋਗਨ ਲਿਖ ਕੇ ਇਸ ਦਿਨ ਦੇ ਮਹੱਤਵ ਸਬੰਧੀ ਜਾਗਰੂਕ ਕੀਤਾ | ਪਿ੍ੰਸੀਪਲ ਨੇ ਵਿਦਿਆਰਥਣਾਂ ਨੂੰ ਇਸ ਦਿਵਸ ਦੇ ਮਹੱਤਵ ਸਬੰਧੀ ਦੱਸਿਆ ਕਿ ਸਾਨੂੰ ਰੂੜੀਵਾਦੀ ਸਿਧਾਂਤਾਂ ਦਾ ਖੰਡਣ ਕਰਦੇ ਹੋਏ ਸਮਾਜਿਕ ਦੂਰੀ ਦਾ ਅੰਤ ਕਰਕੇ ਇਨਸਾਫ਼ ਦੇ ਸਿਧਾਂਤ ਨੂੰ ਮਜ਼ਬੂਤ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਤੇ ਸਾਨੂੰ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਪ੍ਰਣ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਇਨਸਾਫ਼ ਦਿਵਸ ਸਭ ਦੇ ਇਨਸਾਫ਼ ਦੀ ਬਰਾਬਰ ਸਥਿਤੀ ਦੀ ਪੁਸ਼ਟੀ ਕਰਦਾ ਹੈ | ਸਮਾਗਮ ਦੌਰਾਨ ਅੰਤਰਰਾਸ਼ਟਰੀ ਇਨਸਾਫ਼ ਦਿਵਸ ਨੂੰ ਸਮਰਪਿਤ ਸਲੋਗਨ ਤੇ ਪੋਸਟਰ ਤਿਆਰ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ |