ਬਟਾਲਾ, 19 ਜੁਲਾਈ (ਰਾਕੇਸ਼ ਰੇਖੀ)-ਪਾਣੀ ਵਾਲੀ ਟੈਂਕੀ ਦੀ ਮੁਰੰਮਤ ਕਰ ਰਿਹਾ ਵਿਅਕਤੀ ਉਪਰੋਂ ਲੰਘ ਰਹੀਆ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ | ਇਲਾਜ ਦੌਰਾਨ ਡਾਕਟਰਾਂ ਨੂੰ ਉਸ ਦੇ ਦੋਵੇਂ ਹੱਥ ਕੱਟਣੇ ਪਏ | ਥਾਣਾ ਰੰਗੜ ਨੰਗਲ ਦੇ ਏ.ਐੱਸ.ਆਈ .ਰਣਜੀਤ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਵਾਸੀ ਪਿੰਡ ਤਾਰਾਚੱਕ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਉਹ ਤੇਜ਼ਬੀਰ ਸਿੰਘ ਉਰਫ਼ ਸ਼ੇਰਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਥਰੀਏਵਾਲ ਦੇ ਘਰ ਉਨ੍ਹਾਂ ਦੀ ਪਾਣੀ ਵਾਲੀ ਟੈਂਕੀ ਦੀ ਮੁਰੰਮਤ ਕਰਨ ਲਈ ਗਿਆ ਸੀ, ਜਦੋਂ ਉਹ ਘਰ ਦੀ ਉਪਰ ਵਾਲੀ ਮੰਜ਼ਿਲ 'ਤੇ ਲੱਗੀ ਟੈਂਕੀ ਦੇ ਲੋਹੇ ਦੇ ਪਾਇਪ ਖੋਲ੍ਹਣ ਲੱਗਾ ਤਾਂ ਉਸ ਨੇ ਦੇਖਿਆ ਕਿ ਉਸ ਦੇ ਉਪਰੋਂ ਨੇੜੇ ਹੀ ਹਾਈਵੋਲਟੇਜ ਤਾਰਾਂ ਲੰਘ ਰਹੀਆਂ ਸਨ | ਉਸ ਨੇ ਤੇਜ਼ਬੀਰ ਸਿੰਘ ਅਤੇ ਉਸ ਦੇ ਪਿਤਾ ਸਤਨਾਮ ਸਿੰਘ ਨੂੰ ਪੁੱਛਿਆ ਕਿ ਤੁਸੀਂ ਬਿਜਲੀ ਬੋਰਡ ਤੋਂ ਇਜਾਜ਼ਤ ਲਈ ਹੈ ਅਤੇ ਬਿਜਲੀ ਬੰਦ ਕਰਵਾਈ ਹੈ ਤਾਂ ਉਸ ਨੂੰ ਕਿਹਾ ਗਿਆ ਕਿ ਉਨ੍ਹਾਂ ਨੇ ਬਿਜਲੀ ਬੋਰਡ ਤੋਂ ਇਜਾਜ਼ਤ ਲਈ ਹੋਈ ਹੈ ਅਤੇ ਬਿਜਲੀ ਦੀ ਸਪਲਾਈ ਬੰਦ ਕਰਵਾ ਦਿੱਤੀ ਗਈ ਹੈ, ਇਸ ਲਈ ਉਹ ਟੈਂਕੀ ਨਾਲ ਲੱਗੇ ਲੋਹੇ ਦੇ ਪਾਇਪ ਖੋਲ ਸਕਦਾ ਹੈ | ਇਸ 'ਤੇ ਉਸ ਨੇ ਜਦੋਂ ਪਾਇਪ ਖੋਲ ਕੇ ਉਪਰ ਨੂੰ ਚੁੱਕਿਆ ਤਾਂ ਪਾਇਪ ਹਾਈਵੋਲਟੇਜ ਤਾਰਾਂ ਦੇ ਨਾਲ ਲੱਗ ਗਿਆ, ਜਿਸ ਨਾਲ ਅੱਗ ਲੱਗ ਗਈ ਅਤੇ ਉਸ ਦਾ ਲੱਕ, ਪਿੱਠ, ਲੱਤਾਂ ਅਤੇ ਹੱਥ ਬੁਰੀ ਤਰ੍ਹਾਂ ਝੁਲਸ ਗਏ | ਇਸੇ ਦੌਰਾਨ ਰੌਲਾ ਸੁਣ ਕੇ ਪਿੰਡ ਦੇ ਕਿਸੇ ਵਿਅਕਤੀ ਨੇ ਮੇਨ ਸਪਲਾਈ ਤੋਂ ਬਿਜਲੀ ਬੰਦ ਕਰ ਦਿੱਤੀ | ਗੰਭੀਰ ਹਾਲਤ ਵਿਚ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਦਾਖ਼ਲ ਕਰਵਾਇਆ ਗਿਆ | ਉਸ ਦੇ ਹੱਥਾਂ ਦੀ ਹਾਲਤ ਦੇਖ ਕੇ ਡਾਕਟਰਾਂ ਨੂੰ ਉਸ ਦੇ ਦੋਵੇਂ ਹੱਥ ਕੱਟਣੇ ਪਏ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ | ਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਤੇਜਬੀਰ ਸਿੰਘ ਅਤੇ ਉਸ ਦੇ ਪਿਤਾ ਸਤਨਾਮ ਸਿੰਘ ਦੀ ਲਾਪ੍ਰਵਾਹੀ ਕਾਰਨ ਉਸ ਦੀ ਇਹ ਹਾਲਤ ਹੋਈ ਹੈ | ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਤੇਜਬੀਰ ਸਿੰਘ ਅਤੇ ਉਸ ਦੇ ਪਿਤਾ ਸਤਨਾਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |