ਗੁਰਦਾਸਪੁਰ, 18 ਜੁਲਾਈ (ਪੰਕਜ ਸ਼ਰਮਾ)-ਬੀਤੇ ਦਿਨ ਸ਼ਹਿਰ ਦੇ ਬਾਟਾ ਚੌਕ ਸਥਿਤ ਪੰਜਾਬ ਵਾਚ ਹਾਊਸ ਸ਼ੋਅਰੂਮ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ 24 ਘੰਟੇ ਦਾ ਸਮਾਂ ਬੀਤਣ ਦੇ ਬਾਵਜੂਦ ਹਮਲਾਵਰਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ | ਜਿਸ ਕਾਰਨ ਬਾਜ਼ਾਰ ਵਿਚ ਸਹਿਮ ਦਾ ਮਾਹੌਲ ਬਣਿਆ ਹੈ | ਹਾਲਾਂਕਿ ਵਪਾਰੀ ਨੰੂ ਪੁਲਿਸ ਵਲੋਂ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ | ਅੱਜ ਗੋਲੀਕਾਂਡ ਪੀੜਤ ਵਪਾਰੀ ਨੰੂ ਮਿਲਣ ਉਨ੍ਹਾਂ ਦੇ ਸ਼ੋਅਰੂਮ ਵਿਚ ਭਾਜਪਾ ਦੇ ਪੰਜਾਬ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੰੂਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਕੋਈ ਵੀ ਵਪਾਰੀ ਸੁਰੱਖਿਆ ਨਹੀਂ ਹੈ | ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਲੰਗਰ ਹਾਲ ਨੰੂ ਬੰਬ ਨਾਲ ਉਡਾਉਣ ਦੀ ਆਈ.ਈ.ਮੇਲ 'ਤੇ ਬੋਲਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇੰਨੇ ਵੱਡੇ ਮਸਲੇ 'ਤੇ ਮੁੱਖ ਮੰਤਰੀ ਪੰਜਾਬ ਤਿੰਨ ਦਿਨ ਬਾਅਦ ਬਿਆਨ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਦੀ ਮਦਦ ਕਰਨ ਨੰੂ ਤਿਆਰ ਹੈ, ਕਿਉਂਕਿ ਇਹ ਸਾਰਿਆਂ ਦਾ ਸਾਂਝਾ ਧਾਰਮਿਕ ਸਥਾਨ ਹੈ ਅਤੇ ਇਸ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ |