ਅੰਮਿ੍ਤਸਰ, 15 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਲੋਕੇਂਦਰ ਸਿੰਘ ਕਮਿਸ਼ਨਰ ਖੇਤਰੀ ਭਵਿੱਖ ਨਿੱਧੀ ਅੰਮਿ੍ਤਸਰ ਨੇ ਕਿਹਾ ਕਿ ਈ.ਪੀ.ਐੱਫ.ਓ. ਪੈਨਸ਼ਨਰਾਂ ਲਈ ਹਰ ਸਾਲ ਆਪਣਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਨਾ ਲਾਜ਼ਮੀ ਹੈ | ਜੀਵਨ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਕਾਰਨ, ਪੈਨਸ਼ਨ ਆਪਣੇ ਆਪ ਬੰਦ ਹੋ ਜਾਂਦੀ ਹੈ | ਇਸ ਦੇ ਨਾਲ ਹੀ, ਇਹ ਵੀ ਧਿਆਨ 'ਚ ਲਿਆਂਦਾ ਗਿਆ ਹੈ ਕਿ ਬਹੁਤ ਸਾਰੇ ਪੈਨਸ਼ਨਰਾਂ ਨੇ ਲੰਬੇ ਸਮੇਂ ਤੋਂ ਆਪਣਾ ਜੀਵਨ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਇਆ ਹੈ | ਪੈਨਸ਼ਨਰ ਦੀ ਮੌਤ ਤੋਂ ਬਾਅਦ, ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੈਨਸ਼ਨਰ ਦੀ ਮੌਤ ਬਾਰੇ ਸਮੇਂ ਸਿਰ ਦਫ਼ਤਰ ਨੂੰ ਸੂਚਿਤ ਕਰੇ, ਤਾਂ ਜੋ ਪੈਨਸ਼ਨ ਬਿਨਾਂ ਕਿਸੇ ਦੇਰੀ ਦੇ ਵਿਧਵਾ/ਨਾਮਜ਼ਦ/ਬੱਚਿਆਂ ਨੂੰ ਜਾਰੀ ਕੀਤੀ ਜਾ ਸਕੇ | ਉਨ੍ਹਾਂ ਪੈਨਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਜੀਵਨ ਪ੍ਰਮਾਣ ਪੱਤਰ ਨੂੰ ਆਪਣੇ ਆਧਾਰ ਕਾਰਡ, ਬੈਂਕ ਖਾਤਾ ਅਤੇ ਮੋਬਾਈਲ ਨੰਬਰ ਨਾਲ ਜਲਦੀ ਤੋਂ ਜਲਦੀ ਕਾਮਨ ਸਰਵਿਸ ਸੈਂਟਰ/ਬੈਂਕ/ਫੇਸ ਅਥੈਂਟੀਕੇਸ਼ਨ ਟੈਕਨਾਲੋਜੀ ਭਵਿੱਖ ਨਿੱਧੀ ਦਫ਼ਤਰ ਰਾਹੀਂ ਅੱਪਡੇਟ ਕਰੋ ਤਾਂ ਜੋ ਤੁਹਾਡੀ ਪੈਨਸ਼ਨ ਮੁੜ ਸ਼ੁਰੂ ਕੀਤੀ ਜਾ ਸਕੇ | ਉਨ੍ਹਾਂ ਪੈਨਸ਼ਨਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੇਨਤੀ ਕੀਤੀ ਕਿ ਜੇਕਰ ਪੈਨਸ਼ਨਰ ਦੀ ਮੌਤ ਹੋ ਗਈ ਹੈ ਤਾਂ ਉਹ ਜਲਦੀ ਤੋਂ ਜਲਦੀ ਦਫ਼ਤਰ ਨੂੰ ਸੂਚਿਤ ਕਰਨ | ਜੇਕਰ ਕੋਈ ਪੈਨਸ਼ਨਰ ਦਫ਼ਤਰ ਨਹੀਂ ਆ ਸਕਦਾ ਤਾਂ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |