ਬਟਾਲਾ, 15 ਜੁਲਾਈ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੀ ਨਾਮੀ ਸਿੱਖਿਆ ਸੰਸਥਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਸੀ.ਬੀ.ਐੱਸ.ਈ. ਬੋਰਡ ਨੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਿਲ੍ਹੇ ਦੇ 40 ਸਕੂਲਾਂ ਦਾ ਅਨੁਪੂਰਕ ਕੇਂਦਰ ਬਣਾਇਆ ਗਿਆ ਹੈ | ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਡਾ. ਮਨਦੀਪ ਕੌਰ ਨੇ ਦੱਸਿਆ ਕਿ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਚੱਲ ਰਹੀ ਸਿੱਖਿਆ ਸੰਸਥਾ ਵਲੋਂ ਪਹਿਲਾਂ ਵੀ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸੀ.ਬੀ.ਐੱਸ.ਈ. ਬੋਰਡ ਵਲੋਂ ਹਰ ਸਾਲ ਦਸਵੀਂ ਅਤੇ ਬਾਰਵੀਂ ਜਮਾਤ ਲਈ ਚੀਮਾ ਪਬਲਿਕ ਸਕੂਲ ਨੂੰ ਪ੍ਰੀਖਿਆ ਕੇਂਦਰ ਬਣਾਇਆ ਜਾਂਦਾ ਹੈ, ਜਿਸ ਵਿਚ ਜ਼ਿਲ੍ਹੇ ਦੇ ਵੱਡੇ-ਵੱਡੇ ਸਕੂਲਾਂ ਦੇ ਵਿਦਿਆਰਥੀ ਪ੍ਰੀਖਿਆ ਦੇਣ ਪਹੁੰਚਦੇ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਸੀ.ਬੀ.ਐੱਸ.ਈ. ਬੋਰਡ ਨੇ ਬਾਰਵੀਂ ਜਮਾਤ ਵਿਚ ਅਨੁਪੂਰਕ ਦਾ ਪੇਪਰ ਦੇਣ ਲਈ ਜ਼ਿਲ੍ਹੇ ਵਿਚ 2 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਸ ਵਿਚ ਸਾਡੇ ਸਕੂਲ ਦਾ ਨਾਂਅ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਾਡੇ ਸਕੂਲ ਵਿਚ ਬਾਰਵੀਂ ਜਮਾਤ ਦੇ ਵੱਖ-ਵੱਖ ਵਿਸ਼ਿਆਂ ਵਿਚ ਅਨੁਪੂਰਕ ਵਾਲੇ 214 ਵਿਦਿਆਰਥੀਆਂ ਲਈ ਪ੍ਰੀਖਿਆ ਕੇਂਦਰ ਸਥਾਪਿਤ ਕੀਤਾ ਗਿਆ | ਇਸ ਮੌਕੇ ਉਪ ਪਿ੍ੰਸੀਪਲ ਆਰਤੀ ਨੰਦਾ ਨੇ ਕਿਹਾ ਕਿ ਚੇਅਰਮੈਨ ਅੰਮੂ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਡੀ ਸੰਸਥਾ ਦਿਨੋ-ਦਿਨ ਅੱਗੇ ਵਧ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਸਹੂਲਤਾਂ ਲਈ ਹਰ ਤਰੀਕੇ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਅੱਜ ਦੀ ਆਧੁਨਿਕ ਵਿਧੀ ਰਾਹੀਂ ਸਿੱਖਿਆ ਦਿੱਤੀ ਜਾ ਸਕੇ | ਇਸ ਮੌਕੇ ਉਨ੍ਹਾਂ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਇੱਛਾਵਾਂ ਦਿੱਤੀਆਂ |