ਘਰੋਟਾ, 15 ਜੁਲਾਈ (ਸੰਜੀਵ ਗੁਪਤਾ)-ਵਿਧਾਇਕ ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਦਾ ਮਾਣ ਵਧਿਆ ਹੈ | ਇਸ ਨਾਲ ਪਾਰਟੀ ਹੋਰ ਅੱਗੇ ਵਧੇਗੀ ਤੇ ਮਜ਼ਬੂਤ ਹੋਵੇਗੀ | ਇਹ ਗੱਲ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਕਹੀ | ਇਸ ਨਿਯੁਕਤੀ ਤੋਂ ਬਾਅਦ ਸਾਬਕਾ ਵਿਧਾਇਕਾ ਨੇ ਨਵ-ਨਿਯੁਕਤ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ | ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਜ਼ਮੀਨੀ ਪੱਧਰ ਦੇ ਨੇਤਾ ਹਨ ਅਤੇ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ | ਉਨ੍ਹਾਂ ਨੂੰ ਚਾਰ ਵਾਰ ਸੂਬਾ ਪ੍ਰਧਾਨ ਵਜੋਂ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਜ਼ਮੀਨੀ ਪੱਧਰ 'ਤੇ ਸੰਗਠਿਤ ਅਤੇ ਮਜ਼ਬੂਤ ਹੋਈ ਹੈ | ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕੀਤੀ ਹੈ, ਜਿਸ ਕਾਰਨ ਭਾਜਪਾ ਹਾਈਕਮਾਨ ਨੇ ਇਕ ਵਾਰ ਫਿਰ ਉਨ੍ਹਾਂ 'ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਨੂੰ ਪੰਜਾਬ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ | ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਭਾਰਤੀ ਜਨਤਾ ਪਾਰਟੀ ਪਠਾਨਕੋਟ ਦੇ ਨਾਲ-ਨਾਲ ਪੂਰੇ ਪੰਜਾਬ ਵਿਚ ਮਜ਼ਬੂਤ ਹੋਵੇਗੀ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਲਾਭਦਾਇਕ ਹੋਵੇਗੀ | ਇਸ ਮੌਕੇ ਸੀਨੀਅਰ ਆਗੂ ਵਿਨੋਦ ਕੁਮਾਰ, ਮੰਡਲ ਮੁਖੀ ਸੰਜੀਵ ਪਠਾਨੀਆ, ਸੁਰੇਸ਼ ਸਲਾਥੀਆ, ਰਿੰਕੂ, ਕਵਰ ਪਾਲ, ਬਲਵਾਨ ਸਿੰਘ, ਦੇਸ ਰਾਜ, ਰਵਿੰਦਰ ਸਿੰਘ ਆਦਿ ਮੌਜੂਦ ਸਨ |