ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵਲੋਂ 'ਸਟਾਰਟਅੱਪ ਸਪਲੈਸ਼' ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਦੀਆਂ ਕੁੱਲ 50 ਟੀਮਾਂ ਨੇ ਭਾਗ ਲਿਆ | ਸਮਾਗਮ ਦਾ ਮੁੱਖ ਉਦੇਸ਼ ਅੰਡਰਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਿਚ ਨਵੀਨਤਾ, ਸਿਰਜਣਾਤਮਿਕਤਾ ਅਤੇ ਕਾਰੋਬਾਰੀ ਸੂਝ-ਬੂਝ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਦਾ ਮੁਲਾਂਕਣ ਉਨ੍ਹਾਂ ਦੁਆਰਾ ਵੱਖ-ਵੱਖ ਵਿਸ਼ਿਆਂ ਜਿਵੇਂ ਆਂਤ੍ਰਪ੍ਰਨਿਓਰਸ਼ਿਪ ਮੌਕਿਆਂ ਦੀ ਪੜਚੋਲ ਕਰਨਾ, ਕਾਰੋਬਾਰੀ ਯੋਜਨਾਬੰਦੀ ਦੇ ਹੁਨਰਾਂ ਨੂੰ ਸੁਧਾਰਨਾ ਅਤੇ ਸਟਾਰਟਅੱਪ ਵਿਕਾਸ ਦੇ ਵਿਹਾਰਕ ਪਹਿਲੂਆਂ ਦਾ ਐਕਸਪੋਜਰ ਪ੍ਰਾਪਤ ਕਰਨਾ ਆਦਿ 'ਤੇ ਕੀਤੀ ਪੇਸ਼ਕਾਰੀ ਦੁਆਰਾ ਕੀਤਾ ਗਿਆ | ਇਸ ਮੌਕੇ ਮੁਕਾਬਲੇ ਵਿਚ ਬੀ.ਬੀ.ਏ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਸੁਖਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਰਚਨਾਤਮਿਕ ਮੁਕਾਬਲੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਵਿਹਾਰਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ | ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਦੱਸਿਆ ਕਿ ਵਿਭਾਗ ਵਲੋਂ ਵਿਦਿਆਰਥੀਆਂ ਦੀ ਨਵੀਨਤਾ, ਪੇਸ਼ਕਾਰੀ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਤ ਕਰਨ ਲਈ ਅਕਸਰ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ | ਇਸ ਮੌਕੇ ਡਾ. ਸ਼ਿਵਾਨੀ ਬੈਕਟਰ, ਪ੍ਰੋ. ਮੀਸ਼ਾ ਤੇ ਡਾ. ਸੌਰਵ ਸ਼ਰਮਾ ਨੇ ਵਿਦਿਆਰਥੀਆਂ ਦੁਆਰਾ ਕੀਤੀ ਹਰੇਕ ਪੇਸ਼ਕਾਰੀ ਦਾ ਮੁਲਾਂਕਣ ਕੀਤਾ | ਪ੍ਰੋ. ਮੀਸ਼ਾ ਤੇ ਪ੍ਰੋ. ਫਤਿਹਮਾਨ ਕੌਰ ਨੇ ਪ੍ਰੋਗਰਾਮ ਦੇ ਸੁਚਾਰੂ ਸੰਚਾਲਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਡਾ. ਰਤਨੇਸ਼ਪਾਲ ਸਿੰਘ, ਡਾ. ਮਨਪ੍ਰੀਤ ਕੌਰ, ਪ੍ਰੋ. ਸਤਿੰਦਰ ਕੌਰ, ਡਾ. ਨਿਤਿਕਾ ਵਰਮਾ ਅਤੇ ਪ੍ਰੋ. ਰਮਨਜੀਤ ਕੌਰ ਨੇ ਵੀ ਉਪਰੋਕਤ ਵਿਸ਼ੇ ਸਬੰਧੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ |