ਭਾਕਿਯੂ ਏਕਤਾ ਸਿੱਧੂਪੁਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੁਲਿਸ ਅਤੇ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ
ਅਜੀਤ ਡੈਸਕ
20-07-2025
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੱਜ ਜਥੇਬੰਦੀ ਨਾਲ ਸਬੰਧਿਤ 5 ਕਿਸਾਨਾਂ ਨੂੰ ਬਿਨਾਂ ਵਜ੍ਹਾ ਗਿ੍ਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਰੋਹ ਭਰਿਆ ਵਿਖਾਵਾ ਕੀਤਾ ਗਿਆ | ਜਿਸ ਦੌਰਾਨ ਕਿਸਾਨ ਆਗੂਆਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਿਰਾਸਤ ਵਿਚ ਲਏ ਗਏ 5 ਕਿਸਾਨਾਂ ਨੂੰ ਅੱਜ ਸ਼ਾਮ ਤੱਕ ਜੇਲ੍ਹ 'ਚੋਂ ਰਿਹਾਅ ਨਹੀਂ ਕੀਤਾ ਗਿਆ ਤਾਂ ਪੁਲਿਸ ਦੇ ਜਬਰ ਖ਼ਿਲਾਫ਼ ਪੰਜਾਬ ਪੱਧਰ 'ਤੇ ਐਕਸ਼ਨ ਉਲੀਕਿਆ ਜਾਵੇਗਾ | ਇਸੇ ਦੌਰਾਨ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਕੇ ਗਿ੍ਫ਼ਤਾਰ ਕੀਤੇ ਕਿਸਾਨ ਸੁਰਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਜਲਖ਼ੇਲਾ ਖੇੜੀ, ਇਕਬਾਲਪ੍ਰੀਤ ਸਿੰਘ ਪੁੱਤਰ ਰਾਜਵੰਤ ਸਿੰਘ ਵਾਸੀ ਪਿੰਡ ਗੋਪਾਲੋਂ, ਬਲਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਅਬਦੁੱਲਾਪੁਰ, ਗੁਰਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਖੋਜੇਮਾਜਰਾ ਅਤੇ ਮਨਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਸਾਨੀਪੁਰ ਨੂੰ ਜੇਲ੍ਹ 'ਚੋਂ ਅੱਜ ਹੀ ਰਿਹਾਅ ਕਰਵਾਉਣ ਦਾ ਭਰੋਸਾ ਦਿਵਾਇਆ | ਉਕਤ ਕਿਸਾਨ ਆਗੂਆਂ ਖ਼ਿਲਾਫ਼ ਥਾਣਾ ਬਸੀ ਪਠਾਣਾਂ ਵਿਖੇ ਪੁਲਿਸ ਵਲੋਂ ਧਾਰਾ 126/170 ਬੀ.ਐਨ.ਐਸ.ਐਸ ਅਧੀਨ ਮਿਤੀ 18 ਜੁਲਾਈ ਨੂੰ ਕਾਰਵਾਈ ਅਮਲ ਵਿਚ ਲਿਆਂਦੀ ਗਈ ਸੀ | ਧਰਨੇ ਦੌਰਾਨ ਭਾਕਿਯੂ ਏਕਤਾ ਸਿੱਧੂਪੁਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਅਤੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟਲਾ ਨੇ ਕਿਹਾ ਕਿ ਪੁਲਿਸ ਦੇ ਜਬਰ ਨਾਲ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਮੋਰਚਿਆਂ ਨੂੰ ਖਦੇੜਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਪੰਜਾਬ ਸਰਕਾਰ ਅਤੇ 'ਆਪ' ਵਿਧਾਇਕਾਂ ਨੂੰ ਪਿੰਡਾਂ ਵਿਚ ਆਉਣ 'ਤੇ ਕਿਸਾਨਾਂ ਨਾਲ ਇਹ ਧੋਖਾ ਕੀਤੇ ਜਾਣ ਬਾਰੇ ਸਵਾਲ ਕੀਤੇ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂਦਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਕਿਸਾਨਾਂ ਵਲੋਂ ਪਿੰਡ ਅਬਦੁੱਲਾਪੁਰ ਵਿਖੇ ਲੈਂਡ ਪੂਲਿੰਗ ਦੀ ਨੀਤੀ ਨੂੰ ਲੈ ਕੇ ਜਦੋਂ ਵਿਧਾਇਕ ਬਸੀ ਪਠਾਣਾਂ ਨਾਲ ਮੁਲਾਕਾਤ ਕਰਨੀ ਚਾਹੀ, ਤਾਂ ਪਿੰਡ ਨੂੰ ਪੁਲਿਸ ਛਾਊਣੀ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਨਾਲ ਅਜਿਹੀ ਧੱਕੇਸ਼ਾਹੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ 'ਤੇ ਪ੍ਰਦਰਸ਼ਨਕਾਰੀਆਂ 'ਚ ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟਲਾ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਗੁਰਜੀਤ ਸਿੰਘ ਵਜੀਦਪੁਰ ਜ਼ਿਲ੍ਹਾ ਜਨਰਲ ਸਕੱਤਰ, ਪ੍ਰਕਾਸ਼ ਸਿੰਘ ਬੱਬਲ, ਬਲਦੇਵ ਸਿੰਘ ਮੁੱਲਾਂਪੁਰ, ਕਰਨੈਲ ਸਿੰਘ ਜਟਾਣਾ, ਅਮਰਜੀਤ ਸਿੰਘ ਬਸੀ ਪਠਾਣਾਂ, ਬਲਦੇਵ ਸਿੰਘ ਪਮੌਰ, ਸ਼ੇਰ ਸਿੰਘ ਰਾਜਪੁਰਾ, ਨਾਹਰ ਸਿੰਘ ਖੋਜੇਮਾਜਰਾ, ਧਰਮਿੰਦਰ ਸਿੰਘ ਸੌਂਢਾ, ਕਿਰਪਾਲ ਸਿੰਘ ਬਦੇਸ਼ਾਂ, ਮਨਜੀਤ ਸਿੰਘ ਗਰਚਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਬੀਬੀਆਂ ਹਾਜ਼ਰ ਸਨ |